ਟੀ-20 : ਆਰੋਨ ਫਿੰਚ ਦੀ ਫਾਰਮ ''ਚ ਵਾਪਸੀ, ਵੈਸਟਇੰਡੀਜ਼ ''ਤੇ ਆਸਟ੍ਰੇਲੀਆ ਦੀ ਰੋਮਾਂਚਕ ਜਿੱਤ

Wednesday, Oct 05, 2022 - 07:53 PM (IST)

ਟੀ-20 : ਆਰੋਨ ਫਿੰਚ ਦੀ ਫਾਰਮ ''ਚ ਵਾਪਸੀ, ਵੈਸਟਇੰਡੀਜ਼ ''ਤੇ ਆਸਟ੍ਰੇਲੀਆ ਦੀ ਰੋਮਾਂਚਕ ਜਿੱਤ

ਕੈਨਬਰਾ : ਕਪਤਾਨ ਆਰੋਨ ਫਿੰਚ ਨੇ ਮੱਧਕ੍ਰਮ ਦੇ ਬੱਲੇਬਾਜ਼ ਦੇ ਤੌਰ 'ਤੇ ਫਾਰਮ 'ਚ ਵਾਪਸੀ ਕੀਤੀ ਹੈ ਜਦਕਿ ਮੈਥਿਊ ਵੇਡ ਨੇ 'ਫਿਨੀਸ਼ਰ' ਦੀ ਭੂਮਿਕਾ ਨਿਭਾਈ, ਜਿਸ ਨਾਲ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇੱਥੇ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਤਿੰਨ ਵਿਕਟਾਂ ਨਾਲ ਜਿੱਤ ਹਾਸਲ ਕੀਤੀ। 146 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ 58 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ।

ਇਸ ਤੋਂ ਬਾਅਦ ਫਿੰਚ (53 ਗੇਂਦਾਂ 'ਤੇ 58 ਦੌੜਾਂ, ਛੇ ਚੌਕੇ) ਅਤੇ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ (29 ਗੇਂਦਾਂ 'ਤੇ ਅਜੇਤੂ 39, ਪੰਜ ਚੌਕੇ) ਨੇ ਜ਼ਿੰਮੇਵਾਰੀ ਸੰਭਾਲੀ ਅਤੇ ਛੇਵੀਂ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਆਸਟਰੇਲੀਆ ਨੇ 19.5 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ ਅਤੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਨੌਂ ਵਿਕਟਾਂ ’ਤੇ 145 ਦੌੜਾਂ ਬਣਾਈਆਂ। ਉਸ ਲਈ ਸਲਾਮੀ ਬੱਲੇਬਾਜ਼ ਕਾਇਲ ਮਾਇਰਸ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ ਜਦਕਿ ਅੱਠਵੇਂ ਨੰਬਰ ਦੇ ਬੱਲੇਬਾਜ਼ ਓਡੀਅਨ ਸਮਿਥ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ ਤਿੰਨ ਜਦਕਿ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਲਈਆਂ।

ਭਾਰਤ ਦੌਰੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਮਰੂਨ ਗ੍ਰੀਨ ਨੂੰ ਆਸਟ੍ਰੇਲੀਆ ਨੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਬਰਕਰਾਰ ਰੱਖਿਆ। ਉਸ ਨੇ ਡੇਵਿਡ ਵਾਰਨਰ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਸ਼ੈਲਡਨ ਕੌਟਰੇਲ (49 ਦੌੜਾਂ ਦੇ ਕੇ ਦੋ ਵਿਕਟਾਂ) ਨੇ ਪਾਰੀ ਦੇ ਦੂਜੇ ਓਵਰ ਵਿੱਚ ਵਾਰਨਰ (14) ਅਤੇ ਮਿਸ਼ੇਲ ਮਾਰਸ਼ (ਤਿੰਨ) ਨੂੰ ਪਵੇਲੀਅਨ ਦੀ ਰਾਹ ਦਿਖਾਈ। ਗ੍ਰੀਨ (14) ਆਊਟ ਹੋਣ ਵਾਲਾ ਤੀਜਾ ਬੱਲੇਬਾਜ਼ ਸੀ। ਉਸ ਨੂੰ ਅਲਜ਼ਾਰੀ ਜੋਸੇਫ (17 ਦੌੜਾਂ ਦੇ ਕੇ 2 ਵਿਕਟਾਂ) ਨੇ ਬੋਲਡ ਕੀਤਾ। ਗਲੇਨ ਮੈਕਸਵੈੱਲ ਅਤੇ ਟਿਮ ਡੇਵਿਡ ਖਾਤਾ ਵੀ ਨਹੀਂ ਖੋਲ੍ਹ ਸਕੇ, ਜਿਸ ਤੋਂ ਬਾਅਦ ਫਿੰਚ ਅਤੇ ਵੇਡ ਨੇ ਜ਼ਿੰਮੇਵਾਰੀ ਲਈ। ਜੋਸੇਫ ਨੇ ਫਿੰਚ ਨੂੰ ਆਊਟ ਕਰਕੇ ਸਾਂਝੇਦਾਰੀ ਨੂੰ ਤੋੜਿਆ ਪਰ ਵੇਡ ਨੇ ਸਟਾਰਕ ਅਜੇਤੂ ਛੇ) ਨਾਲ ਮਿਲ ਕੇ ਟੀਮ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਟੀਚੇ ਤੱਕ ਪਹੁੰਚਾ ਦਿੱਤਾ। ਹੁਣ ਦੂਜਾ ਅਤੇ ਆਖਰੀ ਮੈਚ 7 ਅਕਤੂਬਰ ਨੂੰ ਖੇਡਿਆ ਜਾਵੇਗਾ।


author

Tarsem Singh

Content Editor

Related News