ਸੂਰਯਵੰਸ਼ੀ ਤੇ ਤ੍ਰਿਵੇਦੀ ਨੇ ਭਾਰਤ ਨੂੰ ਅੰਡਰ-19 ਟੈਸਟ ’ਚ ਆਸਟ੍ਰੇਲੀਆ ਵਿਰੁੱਧ ਮਜ਼ਬੂਤ ਸਥਿਤੀ ’ਚ ਪਹੁੰਚਾਇਆ

Wednesday, Oct 01, 2025 - 10:58 PM (IST)

ਸੂਰਯਵੰਸ਼ੀ ਤੇ ਤ੍ਰਿਵੇਦੀ ਨੇ ਭਾਰਤ ਨੂੰ ਅੰਡਰ-19 ਟੈਸਟ ’ਚ ਆਸਟ੍ਰੇਲੀਆ ਵਿਰੁੱਧ ਮਜ਼ਬੂਤ ਸਥਿਤੀ ’ਚ ਪਹੁੰਚਾਇਆ

ਬ੍ਰਿਸਬੇਨ (ਭਾਸ਼ਾ)-ਵੈਭਵ ਸੂਰਯਵੰਸ਼ੀ ਨੇ ਟੀ-20 ਸ਼ੈਲੀ ਵਿਚ 86 ਗੇਂਦਾਂ ਵਿਚ 113 ਦੌੜਾਂ ਬਣਾਈਆਂ ਜਦਕਿ ਵੇਦਾਂਤ ਤ੍ਰਿਵੇਦੀ ਨੇ 140 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਅੰਡਰ-19 ਟੀਮ ਨੂੰ ਮੇਜ਼ਬਾਨ ਆਸਟ੍ਰੇਲੀਆ-ਏ ਵਿਰੁੱਧ ਪਹਿਲੇ ਯੂਥ ਟੈਸਟ ਵਿਚ ਬੱੁਧਵਾਰ ਨੂੰ 185 ਦੌੜਾਂ ਦੀ ਬੜ੍ਹਤ ਦਿਵਾ ਦਿੱਤੀ। ਭਾਰਤ ਦੀ ਅੰਡਰ 19 ਟੀਮ ਨੇ 81.3 ਓਵਰਾਂ ਵਿਚ 428 ਦੌੜਾਂ ਬਣਾਈਆਂ। ਆਸਟ੍ਰੇਲੀਆ ਅੰਡਰ-19 ਟੀਮ ਨੇ ਪਹਿਲੀ ਪਾਰੀ ਵਿਚ 243 ਦੌੜਾਂ ਬਣਾਈਆਂ ਸਨ। ਦੂਜੀ ਪਾਰੀ 'ਚ ਉਸ ਨੇ ਦੂਜੇ ਦਿਨ ਇਕ ਵਿਕਟ ’ਤੇ 8 ਦੌੜਾਂ ਬਣਾ ਲਈਆਂ ਸਨ। ਅਜੇ ਵੀ ਉਹ ਭਾਰਤੀ ਟੀਮ ਤੋਂ 177 ਦੌੜਾਂ ਪਿੱਛੇ ਹੈ।

14 ਸਾਲ ਦੀ ਉਮਰ ਵਿਚ ਆਈ. ਪੀ. ਐੱਲ. ਵਿਚ ਸੈਂਕੜਾ ਲਾਉਣ ਵਾਲੇ ਸੂਰਯਵੰਸ਼ੀ ਨੇ ਪਾਰੀ ਦੇ ਪਹਿਲੇ ਹੀ ਓਵਰ ਵਿਚ ਹੈਡਨ ਸ਼ਿਲੇਰ ਨੂੰ ਚੌਕਾ ਲਾਇਆ ਸੀ। ਉਸ ਨੇ ਤ੍ਰਿਵੇਦੀ ਦੇ ਨਾਲ 152 ਦੌੜਾਂ ਦੀ ਸਾਂਝੇਦਾਰੀ ਕਰ ਕੇ ਵੱਡੇ ਸਕੋਰ ਦੀ ਨੀਂਹ ਰੱਖੀ। ਸੂਰਯਵੰਸ਼ੀ ਨੇ ਆਪਣੀ ਪਾਰੀ ਵਿਚ 8 ਛੱਕੇ ਤੇ 9 ਚੌਕੇ ਲਾਏ। ਉਸ ਨੇ ਖੱਬੇ ਹੱਥ ਦੇ ਸਪਿੰਨਰ ਆਰੀਅਨ ਸ਼ਰਮਾ ਨੂੰ ਬਿਹਤਰੀਨ ਕਵਰ ਡ੍ਰਾਈਵ ਲਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਲੈੱਗ ਸਪਿੰਨਰ ਜੈੱਡ ਹੋਲਿਕ ਨੂੰ ਉਸ ਨੇ ਛੱਕਾ ਲਾਇਆ।

ਤ੍ਰਿਵੇਦੀ ਤੇ ਸੂਰਯਵੰਸ਼ੀ ਤੋਂ ਇਲਾਵਾ ਖਿਲਨ ਪਟੇਲ ਨੇ 49 ਗੇਂਦਾਂ ਵਿਚ 49 ਦੌੜਾਂ ਬਣਾਈਆਂ। ਯੂਥ ਟੈਸਟ ਤੋਂ ਪਹਿਲਾਂ ਦੋਵਾਂ ਟੀਮਾਂ ਨੇ 3 ਮੈਚਾਂ ਦੀ ਯੂਥ ਵਨ ਡੇ ਲੜੀ ਖੇਡੀ ਸੀ, ਜਿਸ ਵਿਚ ਆਯੂਸ਼ ਮਹਾਤ੍ਰੇ ਦੀ ਕਪਤਾਨੀ ਵਾਲੀ ਭਾਰਤੀ ਟੀਮ 3-0 ਨਾਲ ਜੇਤੂ ਰਹੀ ਸੀ।


author

Hardeep Kumar

Content Editor

Related News