ਸਨਰਾਈਜ਼ਰਜ਼ ਈਸਟਨਰ ਕੈਪ ਲਗਾਤਾਰ ਦੂਜੀ ਵਾਰ ‘SA 20’ ਦੇ ਫਾਈਨਲ ’ਚ

Thursday, Feb 08, 2024 - 12:11 PM (IST)

ਸਨਰਾਈਜ਼ਰਜ਼ ਈਸਟਨਰ ਕੈਪ ਲਗਾਤਾਰ ਦੂਜੀ ਵਾਰ ‘SA 20’ ਦੇ ਫਾਈਨਲ ’ਚ

ਕੇਪਟਾਊਨ- ਓਟੀਨੇਲ ਬਾਰਟਮੈਨ ਤੇ ਮਾਰਕੋ ਯਾਨਸੇਨ ਦੀਆਂ 4-4 ਵਿਕਟਾਂ ਦੀ ਮਦਦ ਨਾਲ ਸਾਬਕਾ ਚੈਂਪੀਅਨ ਸਨਰਾਈਜ਼ਰਜ਼ ਈਸਟਰਨ ਕੈਪ ਨੇ ਡਰਬਨ ਸੁਪਰ ਜਾਇੰਟਸ ਨੂੰ ਮੀਂਹ ਪ੍ਰਭਾਵਿਤ ਮੈਚ ਵਿਚ 51 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ‘ਐੱਸ.ਏ.20’ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਫਾਈਨਲ ਸ਼ਨੀਵਾਰ ਨੂੰ ਖੇਡਿਆ ਜਾਵੇਗਾ ਜਦਕਿ ਐਲਿਮੀਨੇਟਰ ਜੋਹਾਨਸਬਰਗ ਵਿਚ ਦੇਰ ਰਾਤ (ਭਾਰਤੀ ਸਮੇਂ ਅਨੁਸਾਰ) ਪਾਰਲ ਰਾਇਲਜ਼ ਤੇ ਜੋਹਾਨਸਬਰਗ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਉੱਥੇ ਹੀ, ਅਗਲਾ ਕੁਆਲੀਫਾਇਰ 8 ਫਰਵਰੀ ਨੂੰ ਡਰਬਨ ਸੁਪਰ ਜਾਇੰਟਸ ਤੇ ਐਲਿਮੀਨੇਟਰ ਦੇ ਜੇਤੂ ਵਿਚਾਲੇ ਖੇਡਿਆ ਜਾਵੇਗਾ।
ਮੀਂਹ ਕਾਰਨ ਪਹਿਲਾ ਕੁਆਲੀਫਾਇਰ ਤਕਰੀਬਨ 1 ਘੰਟੇ ਤਕ ਪ੍ਰਭਾਵਿਤ ਰਿਹਾ ਪਰ ਕੋਈ ਓਵਰ ਨਹੀਂ ਕੀਤਾ ਗਿਆ। ਸਨਰਾਈਜ਼ਰਜ਼ ਨੇ ਫਿਰ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ’ਤੇ 157 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਡਰਬਨ ਟੀਮ 19.3 ਓਵਰਾਂ ਵਿਚ 106 ਦੌੜਾਂ ’ਤੇ ਢੇਰ ਹੋ ਗਈ।
ਯਾਨਸੇਨ ਨੇ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਦੂਜੇ ਹੀ ਓਵਰ ਵਿਚ ਟੋਨੀ ਡੀ ਜਾਰਜ਼ੀ ਨੂੰ ਆਊਟ ਕਰਕੇ ਸਨਰਾਈਜ਼ਰਜ਼ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਫੈਸਲਾਕੁੰਨ ਓਵਰ ਬਾਰਟਮੈਨ ਦਾ ਰਿਹਾ, ਜਿਸ ਨੇ ਚੌਥਾ ਓਵਰ ਮੇਡਨ ਕਰਦੇ ਹੋਏ ਦੋ ਵਿਕਟਾਂ ਲਈਆਂ। ਬਾਰਟਮੈਨ ਨੇ 10 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਇਸ ਸੈਸ਼ਨ ਵਿਚ ਹੁਣ ਤਕ ਸਭ ਤੋਂ ਵੱਧ ਵਿਕਟਾਂ ਉਸਦੇ ਨਾਂ ਹਨ। ਉਸ ਨੇ ਪਹਿਲਾਂ ਮੈਥਿਊ ਬ੍ਰੀਜਕੇ ਨੂੰ ਵਿਕਟਕੀਪਰ ਟ੍ਰਿਸਟਨ ਸਟੱਬਸ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਜੋਨ ਸਮਟਸ ਦਾ ਸ਼ਾਨਦਾਰ ਕੈਚ ਮਿਡਆਨ ’ਤੇ ਐਡਨ ਮਾਰਕ੍ਰਮ ਨੇ ਕੀਤਾ। ਸੁਪਰ ਜਾਇੰਟਸ ਦੀਆਂ ਉਮੀਦਾਂ ਕਵਿੰਟਨ ਡੀ ਕੌਕ ਦੇ ਕ੍ਰੀਜ਼ ’ਤੇ ਰਹਿਣ ਤਕ ਬਣੀਆਂ ਸਨ ਪਰ ਉਸ ਨੂੰ ਲਿਆਮ ਡਾਸਨ ਨੇ ਸ਼ਾਨਦਾਰ ਰਿਟਰਨ ਕੈਚ ’ਤੇ ਪੈਵੇਲੀਅਨ ਭੇਜਿਆ। ਡਾਸਨ ਨੇ ਵਿਆਨ ਮੂਲਡਰ (38) ਨੂੰ ਵੀ ਡੀਪ ਵਿਚ ਕੈਚ ਕਰਵਾਇਆ। ਬਾਰਟਮੈਨ ਨੇ ਖਤਰਨਾਕ ਹੈਨਰਿਕ ਕਲਾਸੇਨ (23) ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ, ਜਿਸ ਨਾਲ ਡਰਬਨ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ। ਯਾਨਸੇਨ ਨੇ ਪੁਛੱਲੇ ਬੱਲੇਬਾਜ਼ਾਂ ਨੂੰ ਆਊਟ ਕਰਕੇ ਉਸਦੀ ਪਾਰੀ ਦਾ ਅੰਤ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News