2 ਸਾਲ ਦੀ ਪਾਬੰਦੀ ਨੂੰ ਚੁਣੌਤੀ ਦੇਵੇਗਾ ਸੁਮਿਤ ਮਲਿਕ
Tuesday, Jul 06, 2021 - 10:53 AM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਪਹਿਲਵਾਨ ਸੁਮਿਤ ਮਲਿਕ ਨੇ ਡੋਪ ਟੈਸਟ ਵਿਚ ਅਸਫ਼ਲ ਰਹਿਣ ’ਤੇ ਉਸ ’ਤੇ ਲਾਈ ਗਈ 2 ਸਾਲ ਦੀ ਪਾਬੰਦੀ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਉਹ ਸਜ਼ਾ ਵਿਚ ਕਟੌਤੀ ਦੀ ਮੰਗ ਕਰੇਗਾ ਤਾਂ ਕਿ ਅਗਲੇ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈ ਸਕੇ। ਰਾਸ਼ਟਰਮੰਡਲ ਖੇਡਾਂ 2018 ਦੇ ਸੋਨ ਤਮਗਾ ਜੇਤੂ ਸੁਮਿਤ ’ਤੇ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਨੇ ਸ਼ੁੱਕਰਵਾਰ ਨੂੰ 2 ਸਾਲ ਦੀ ਪਾਬੰਦੀ ਲਾ ਦਿੱਤੀ ਸੀ, ਜਦੋਂ ਉਸ ਦੇ ਦੂਜੇ ਨਮੂਨੇ ਵਿਚ ਵੀ ਪਾਜ਼ੇਟਿਵ ਪਦਾਰਥ ਦੇ ਅੰਸ਼ ਪਾਏ ਗਏ ਸਨ।
ਟੋਕੀਓ ਓਲੰਪਿਕ ਲਈ 125 ਕਿ. ਗ੍ਰਾ. ਭਾਰ ਵਰਗ ਵਿਚ ਕੁਆਲੀਫਾਈ ਕਰ ਚੁੱਕੇ ਸੁਮਿਤ ਨੇ ਮੰਨਿਆ ਕਿ ਉਹ ਸਰੀਰ ਵਿਚ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਲਈ ਜ਼ਿੰਮੇਵਾਰ ਹੈ ਪਰ ਉਸ ਦਾ ਟੀਚਾ ਬੇਇਮਾਨੀ ਨਹੀਂ ਸੀ। ਉਹ ਅਪੀਲ ਕਰੇਗਾ ਕਿ ਉਸਦੀ ਸਜ਼ਾ ਘਟਾ ਕੇ 6 ਮਹੀਨੇ ਦੀ ਕਰ ਦਿੱਤੀ ਜਾਵੇ। ਸੁਮਿਤ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਸ ਨੇ ਇਕ ਖ਼ਾਸ ਸਪਲੀਮੈਂਟ ਅਮਰੀਕਾ ਵਿਚ ਜਾਂਚ ਲਈ ਵੀ ਭੇਜਿਆ ਹੈ। ਇਸ ਦੇ ਨਾਲ ਹੀ ਉਹ ਦਵਾਈ ਵੀ ਭੇਜੀ ਹੈ, ਜਿਹੜੀ ਸੁਮਿਤ ਨੇ ਲਈ ਸੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਉਹ ਪਾਦਰਥ ਉਸਦੇ ਰਾਹੀਂ ਉਸਦੇ ਸਰੀਰ ਵਿਚ ਆਇਆ ਹੈ। ਸੁਮਿਤ ’ਤੇ ਪਾਬੰਦੀ 3 ਜੂਨ ਤੋਂ ਸ਼ੁਰੂ ਹੋਈ ਹੈ ਤੇ ਇਸ ਦੇ 6 ਮਹੀਨੇ ਦੀ ਹੋਣ ’ਤੇ ਹੀ ਉਹ ਬਰਮਿੰਘਮ ਵਿਚ ਅਗਲੇ ਸਾਲ 28 ਜੁਲਾਈ ਤੋਂ ਹੋਣ ਵਾਲੀਆ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈ ਸਕੇਗਾ।