ਸੁਕਾਂਤ ਨੇ ਸੈਮੀਫਾਈਨਲ ''ਚ ਸੁਹਾਸ ਨਾਲ ਮੁਕਾਬਲਾ ਕੀਤਾ ਤੈਅ, ਕ੍ਰਿਸ਼ਨਾ ਬਾਹਰ
Sunday, Sep 01, 2024 - 12:31 PM (IST)

ਪੈਰਿਸ- ਭਾਰਤ ਦੇ ਸੁਕਾਂਤ ਕਦਮ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਵਿਚ ਆਸਾਨ ਜਿੱਤ ਨਾਲ ਪੈਰਾਲੰਪਿਕ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਹਮਵਤਨ ਸੁਹਾਸ ਯਤੀਰਾਜ ਨਾਲ ਹੋਵੇਗਾ ਪਰ ਕ੍ਰਿਸ਼ਨਾ ਨਾਗਰ ਗਿੱਟੇ ਦੀ ਸੱਟ ਕਾਰਨ ਬਾਹਰ ਹੋ ਗਏ। ਸ਼ਿਵਰਾਜਨ ਸੋਲਾਇਮਲਾਈ ਅਤੇ ਨਿਥਿਆ ਸ਼੍ਰੀ ਸੁਮਤੀ ਸਿਵਨ ਦੀ ਮਿਕਸਡ ਡਬਲਜ਼ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਐੱਸਐੱਚ6 ਸੈਮੀਫਾਈਨਲ ਵਿੱਚ ਅਮਰੀਕਾ ਦੇ ਮਾਈਲਸ ਕ੍ਰਾਜੇਵਸਕੀ ਅਤੇ ਜੈਸੀ ਸਾਈਮਨ ਤੋਂ 21-17, 14-21, 13-21 ਨਾਲ ਹਾਰ ਗਈ। ਭਾਰਤੀ ਜੋੜੀ ਹੁਣ ਕਾਂਸੀ ਦੇ ਤਮਗੇ ਦੇ ਪਲੇਆਫ ਵਿੱਚ ਖੇਡੇਗੀ।
ਇਸ ਤੋਂ ਪਹਿਲਾਂ ਸੁਕਾਂਤ ਨੇ ਗਰੁੱਪ ਬੀ ਦੇ ਸਿਖਰ ’ਤੇ ਥਾਈਲੈਂਡ ਦੇ ਤਿਮਾਰੋਮ ਸਿਰੀਪੋਂਗ ਨੂੰ 21-12, 21-12 ਨਾਲ ਹਰਾ ਦਿੱਤਾ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗਾ ਜੇਤੂ ਸੁਹਾਸ ਨਾਲ ਹੋਵੇਗਾ, ਜਿਸ ਨਾਲ ਇਸ ਈਵੈਂਟ 'ਚ ਭਾਰਤ ਦਾ ਤਮਗਾ ਯਕੀਨੀ ਹੋ ਜਾਵੇਗਾ। ਪਿਛਲੇ ਸਾਲ ਏਸ਼ੀਆਈ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਨਿਤੇਸ਼ ਕੁਮਾਰ ਨੇ ਵੀ ਆਪਣੇ ਆਖਰੀ ਗਰੁੱਪ ਮੈਚ ਵਿੱਚ ਸਿੱਧੇ ਗੇਮ ਵਿੱਚ ਜਿੱਤ ਦਰਜ ਕਰਕੇ ਪੁਰਸ਼ ਸਿੰਗਲਜ਼ ਐੱਸਐੱਲ3 ਵਰਗ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਨਿਤੇਸ਼ ਨੇ ਥਾਈਲੈਂਡ ਦੇ ਮੋਂਗਖੋਨ ਬਨਸੁਨ ਨੂੰ 21-13, 21-14 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਅਤੇ ਗਰੁੱਪ ਏ ਦੇ ਸਿਖਰ 'ਤੇ ਰਹੇ।
ਕ੍ਰਿਸ਼ਨਾ ਗਿੱਟਾ ਮੁੜਨ ਕਾਰਨ ਥਾਈਲੈਂਡ ਦੇ ਮੀਚਾਈ ਨਥਾਪੋਂਗ ਦੇ ਖਿਲਾਫ ਐੱਸਐੱਚ6 ਗਰੁੱਪ ਬੀ ਮੈਚ ਤੋਂ ਬਾਹਰ ਹੋ ਗਿਆ ਸੀ। ਮਾਈਲਸ ਕ੍ਰੇਜੇਵਸਕੀ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਕ੍ਰਿਸ਼ਨਾ ਨੂੰ ਦੌੜ 'ਚ ਬਣੇ ਰਹਿਣ ਲਈ ਚੰਗੇ ਅੰਕਾਂ ਦੇ ਫਰਕ ਨਾਲ ਮੈਚ ਜਿੱਤਣਾ ਜ਼ਰੂਰੀ ਸੀ ਪਰ ਉਹ 20-22, 3-11 ਨਾਲ ਪਿੱਛੇ ਚੱਲ ਰਹੇ ਸਨ ਤਾਂ ਸੱਟ ਕਾਰਨ ਮੈਦਾਨ ਛੱਡਣਾ ਪਿਆ।