ਦੂਜੇ ਟੈਸਟ ਵਿਚ ਵੀ ਸਟੂਅਰਟ ਬ੍ਰਾਡ ਦਾ ਖੇਡਣਾ ਤੈਅ ਨਹੀਂ
Tuesday, Jul 14, 2020 - 01:44 AM (IST)
ਸਾਊਥੰਪਟਨ– ਇੰਗਲੈਂਡ ਦੇ ਕ੍ਰਿਕਟ ਕੋਚ ਕ੍ਰਿਸ ਸਿਲਵਰਵੁਡ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਕ੍ਰਿਕਟ ਟੈਸਟ ਵਿਚ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੀ ਵਾਪਸੀ ਦੀ ਗਾਰੰਟੀ ਦੇਣ ਤੋਂ ਇਨਕਾਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਚੋਣ ਦੇ ਬਦਲ ਖੁੱਲ੍ਹੇ ਹਨ। ਬ੍ਰਾਡ ਨੂੰ ਲੜੀ ਦੇ ਪਹਿਲੇ ਟੈਸਟ ਲਈ ਇੰਗਲੈਂਡ ਦੀ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ ਸੀ, ਜਿਸ ਨੂੰ ਮਹਿਮਾਨ ਟੀਮ ਨੇ ਐਤਵਾਰ ਨੂੰ ਸਾਊਥੰਪਟਨ ਵਿਚ ਜਿੱਤ ਲਿਆ। ਇਸ ਤੇਜ਼ ਗੇਂਦਬਾਜ਼ ਨੇ ਮੈਚ ਦੌਰਾਨ ਇੰਟਰਵਿਊ ਦਿੰਦੇ ਹੋਏ ਕਿਹਾ ਸੀ ਕਿ ਉਹ ਹੈਰਾਨ, ਨਿਰਾਸ਼ ਤੇ ਨਾਰਾਜ਼ ਹੈ।
ਦੂਜਾ ਟੈਸਟ ਮਾਨਚੈਸਟਰ ਵਿਚ ਵੀਰਵਾਰ ਤੋਂ ਸ਼ੁਰੂ ਹੋਵੇਗਾ ਤੇ ਇੰਗਲੈਂਡ ਆਪਣੇ ਗੇਂਦਬਾਜ਼ੀ ਹਮਲੇ ਵਿਚ ਬਦਲਾਅ ਕਰਦੇ ਹੋਏ ਬ੍ਰਾਡ ਨੂੰ ਮੌਕਾ ਦੇ ਸਕਦਾ ਹੈ, ਜਿਹੜਾ 485 ਵਿਕਟਾਂ ਦੇ ਨਾਲ ਦੇਸ਼ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਹੈ। ਸਿਲਵਰਵੁਡ ਨੇ ਹਾਲਾਂਕਿ ਪ੍ਰਤੀਬੱਧਤਾ ਜਤਾਉਣ ਤੋਂ ਇਨਕਾਰ ਕਰ ਦਿੱਤਾ। ਇਹ ਪੁੱਛੇ ਜਾਣ ‘ਤੇ ਕਿ ਕੀ ਬ੍ਰਾਡ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ, ਸਿਲਵਰਵੁਡ ਨੇ ਕਿਹਾ,‘‘ਇਸ ਟੀਮ ਵਿਚ ਕੁਝ ਵੀ ਤੈਅ ਨਹੀਂ ਹੈ, ਜਿਵੇਂ ਕਿ ਅਸੀਂ ਦੇਖਿਆ ਤੇ ਲੋਕ ਆਪਣੇ ਸਥਾਨ ਲਈ ਚੁਣੌਤੀ ਪੇਸ਼ ਕਰ ਰਹੇ ਹਨ। ਸਾਰਿਆਂ ‘ਤੇ ਵਿਚਾਰ ਕੀਤਾ ਜਾਵੇਗਾ।‘‘
ਇੰਗਲੈਂਡ ਨੇ ਪਹਿਲੇ ਟੈਸਟ ਦੇ ਤੇਜ਼ ਗੇਂਦਬਾਜ਼ੀ ਹਮਲੇ ਵਿਚ ਮਾਰਕ ਵੁਡ, ਜੋਫ੍ਰਾ ਆਰਚਰ ਤੇ ਜਿਮੀ ਐਂਡਰਸਨ ਨੂੰ ਸ਼ਾਮਲ ਕੀਤਾ ਸੀ। ਵੁਡ ਦੋ ਪਾਰੀਆਂ ਵਿਚ ਸਿਰਫ 2 ਵਿਕਟਾਂ ਲੈ ਸਕਿਆ ਤੇ ਜੇਕਰ ਬ੍ਰਾਡ ਦੀ ਟੀਮ ਵਿਚ ਵਾਪਸੀ ਹੁੰਦੀ ਹੈ ਤਾਂ ਉਸ ਨੂੰ ਬਾਹਰ ਹੋਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਐਂਡਰਸਨ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ, ਜਿਹੜਾ ਪਿਛਲੇ ਸਾਲ ਜ਼ਖ਼ਮੀ ਹੋ ਗਿਆ ਸੀ ਤੇ ਟੀਮ ਮੈਨੇਜਮੈਂਟ ਸ਼ਾਇਦ ਉਸ ਨੂੰ ਲਗਾਤਾਰ ਤਿੰਨ ਮੈਚ ਖਿਡਾਉਣ ਦਾ ਜ਼ੋਖਿਮ ਨਾ ਲਵੇ। ਤੀਜਾ ਟੈਸਟ 24 ਜੁਲਾਈ ਤੋਂ ਖੇਡਿਆ ਜਾਵੇਗਾ।
ਸਿਲਵਰਵੁਡ ਨੇ ਕਿਹਾ,‘‘ਕੁਝ ਖਿਡਾਰੀਆਂ ਨੂੰ ਜਕੜਨ ਦੀ ਸਮੱਸਿਆ ਹੈ, ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ। ਮੈਂ ਉਨ੍ਹਾਂ ਨਾਲ ਮਿਲ ਚੁੱਕਾ ਹਾਂ ਤੇ ਉਹ ਠੀਕ ਲੱਗ ਰਹੇ ਹਨ। ਸੰਭਾਵਿਤ ਕੱਲ ਟ੍ਰੇਨਿੰਗ ਤੋਂ ਬਾਅਦ ਤਸਵੀਰ ਵਧੇਰੇ ਸਾਫ ਹੋਵੇਗੀ।‘‘ ਸੋਮਵਾਰ ਨੂੰ ਸਾਊਥੰਪਟਨ ਤੋਂ ਮਾਨਚੈਸਟਰ ਰਵਾਨਾ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਦਾ ਕੋਰੋਨਾ ਵਾਇਰਸ ਟੈਸਟ ਵੀ ਹੋਇਆ। ਆਪਣੇ ਦੂਜੇ ਬੱਚੇ ਦੇ ਜਨਮ ਦੇ ਕਾਰਣ ਪਹਿਲਾ ਟੈਸਟ ਨਾ ਖੇਡ ਸਕਣ ਵਾਲਾ ਇੰਗਲੈਂਡ ਦਾ ਕਪਤਾਨ ਜੋ ਰੂਟ ਮਾਨਚੈਸਟਰ ਵਿਚ ਟੀਮ ਨਾਲ ਜੁੜੇਗਾ ਤੇ ਦੂਜੇ ਟੈਸਟ ਵਿਚ ਖੇਡੇਗਾ।