ਭਾਰਤ ਸਾਹਮਣੇ ਬੰਗਲਾਦੇਸ਼ ਦੀ ਮਜ਼ਬੂਤ ਚੁਣੌਤੀ
Wednesday, Feb 07, 2024 - 07:10 PM (IST)
ਢਾਕਾ, (ਭਾਸ਼ਾ)– ਭਾਰਤੀ ਫੁੱਟਬਾਲ ਟੀਮ ਵੀਰਵਾਰ ਨੂੰ ਇੱਥੇ ਜਦੋਂ ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਮੇਜ਼ਬਾਨ ਬੰਗਲਾਦੇਸ਼ ਨਾਲ ਭਿੜੇਗੀ ਤਾਂ ਉਸਦੀਆਂ ਨਜ਼ਰਾਂ ਅੜਿੱਕਾ ਤੋੜ ਕੇ ਖਿਤਾਬ ਹਾਸਲ ਕਰਨ ’ਤੇ ਲੱਗੀਆਂ ਹੋਣਗੀਆਂ। ਭਾਰਤ ਵਿਚ ਮਹਿਲਾ ਫੁੱਟਬਾਲ ਵਿਚ ਸੁਧਾਰ ਦੇ ਬਾਵਜੂਦ ਉਮਰ ਵਰਗ ਦੀਆਂ ਪ੍ਰਤੀਯੋਗਿਤਾਵਾਂ ਵਿਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ।
ਭਾਰਤੀ ਮਹਿਲਾ ਟੀਮ ਨੂੰ ਸੈਫ ਪ੍ਰਤੀਯੋਗਿਤਾਵਾਂ ਵਿਚ ਇਕ ਤੋਂ ਵੱਧ ਵਾਰ ਖਿਤਾਬ ਤੋਂ ਹੱਥ ਧੋਣਾ ਪਿਆ ਸੀ। ਉਹ ਪਿਛਲੇ ਸਾਲ ਹੀ ਸੈਫ ਅੰਡਰ-20 ਦੇ ਫਾਈਨਲ ਵਿਚ ਬੰਗਲਾਦੇਸ਼ ਹੱਥੋਂ ਹਾਰ ਗਈ ਸੀ। ਅਜਿਹੇ ਵਿਚ ਭਾਰਤੀ ਟੀਮ ਕੋਲ ਆਪਣੇ ਰਿਕਾਰਡ ਵਿਚ ਸੁਧਾਰ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ।
ਭਾਰਤੀ ਟੀਮ ਨੇ ਮੌਜੂਦਾ ਟੂਰਨਾਮੈਂਟ ਵਿਚ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਗਰੁੱਪ ਗੇੜ ਵਿਚ ਭੂਟਾਨ (10-0) ਤੇ ਨੇਪਾਲ (4-0) ਨੂੰ ਆਸਾਨੀ ਨਾਲ ਹਰਾਇਆ ਸੀ ਪਰ ਬੰਗਲਾਦੇਸ਼ ਹੱਥੋਂ ਉਹ ਇਕਲੌਤੇ ਗੋਲ ਨਾਲ ਹਾਰ ਗਈ ਸੀ। ਭਾਰਤੀ ਟੀਮ ਨੇ ਗਰੁੱਪ ਵਿਚ ਦੂਜੇ ਸਥਾਨ ’ਤੇ ਰਹਿਣ ਕਾਰਨ ਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਹੁਣ ਬਦਲਾ ਲੈਣ ਲਈ ਮੈਦਾਨ ’ਤੇ ਉਤਰੇਗਾ ਪਰ ਬੰਗਲਾਦੇਸ਼ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਹੈ।