ਸਟੀਵ ਸਮਿਥ ਨੂੰ ਡਰਬਨ ਟੈਸਟ ਖੇਡਣ ਦੀ ਮਿਲੀ ਮਨਜ਼ੂਰੀ
Tuesday, Oct 13, 2026 - 04:12 PM (IST)
ਡਰਬਨ : ਆਸਟ੍ਰੇਲੀਆ ਦੇ ਤਜਰਬੇਕਾਰ 37 ਸਾਲਾ ਬੱਲੇਬਾਜ਼ ਸਟੀਵ ਸਮਿਥ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੌਰਾਨ ਸਿਰ 'ਚ ਗੰਭੀਰ ਸੱਟ (ਕਨਕਸ਼ਨ) ਨਾ ਲੱਗਣ ਦੀ ਪੁਸ਼ਟੀ ਤੋਂ ਬਾਅਦ ਅੱਗੇ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ। ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਤੇਜ਼ ਗੇਂਦਬਾਜ਼ ਐਨਰਿਚ ਨੌਰਕੀਆ ਦੀ ਸ਼ਾਰਟ-ਪਿੱਚ ਗੇਂਦ ਸਮਿਥ ਦੇ ਹੈਲਮੈਟ 'ਤੇ ਜਾ ਲੱਗੀ ਸੀ। ਇਸ ਤੋਂ ਬਾਅਦ ਉਹ ਸੋਮਵਾਰ ਨੂੰ ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ ਦੌਰਾਨ ਫੀਲਡਿੰਗ ਕਰਨ ਲਈ ਮੈਦਾਨ 'ਤੇ ਨਹੀਂ ਆਏ ਸਨ।
ਹਾਲਾਂਕਿ, ਮੈਚ ਦੇ ਪੰਜਵੇਂ ਦਿਨ ਸਮਿਥ ਸਲਿੱਪ 'ਚ ਫੀਲਡਿੰਗ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਮੈਟ ਰੇਨਸ਼ਾਅ ਦੀ ਗੇਂਦ 'ਤੇ ਕਾਇਲ ਵੇਰੇਨੇ ਦਾ ਕੈਚ ਵੀ ਲਪਕਿਆ। ਕ੍ਰਿਕਟ ਆਸਟ੍ਰੇਲੀਆ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕ੍ਰਿਕਟ ਆਸਟ੍ਰੇਲੀਆ ਦੇ ਕਨਕਸ਼ਨ ਪ੍ਰੋਟੋਕੋਲ ਤਹਿਤ ਸਮਿਥ ਦੇ ਕਈ ਟੈਸਟ ਕੀਤੇ ਗਏ, ਜਿਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਖੇਡਣ ਦੀ ਹਰੀ ਝੰਡੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2019 ਦੀ ਏਸ਼ੇਜ਼ ਸੀਰੀਜ਼ ਦੌਰਾਨ ਵੀ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਗੇਂਦ ਸਮਿਥ ਦੇ ਸਿਰ 'ਚ ਲੱਗੀ ਸੀ।
