ਸ਼੍ਰੀਕਾਂਤ, ਪ੍ਰਣਯ ਦੀ ਹਾਰ ਨਾਲ ਸਿੰਗਲਜ਼ ''ਚ ਭਾਰਤੀ ਚੁਣੌਤੀ ਖਤਮ

09/23/2017 5:25:20 AM

ਟੋਕੀਓ— ਅੱਠਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਸ਼ੁੱਕਰਵਾਰ ਨੂੰ ਇਥੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਆਪਣੇ-ਆਪਣੇ ਮੁਕਾਬਲੇ ਹਾਰ ਕੇ ਬਾਹਰ ਹੋ ਗਏ, ਜਿਸ ਨਾਲ ਟੂਰਨਾਮੈਂਟ ਵਿਚ ਭਾਰਤ ਦੀ ਸਿੰਗਲਜ਼ ਚੁਣੌਤੀ ਵੀ ਖਤਮ ਹੋ ਗਈ। ਖਿਤਾਬ ਦੀ ਦਾਅਵੇਦਾਰ ਕੋਰੀਆ ਓਪਨ ਚੈਂਪੀਅਨ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਦੀ ਹਾਰ ਤੋਂ ਬਾਅਦ ਪੁਰਸ਼ ਸਿੰਗਲਜ਼ ਵਿਚ ਸ਼੍ਰੀਕਾਂਤ ਤੇ ਪ੍ਰਣਯ ਪੁਰਸ਼ ਸਿੰਗਲਜ਼ ਵਿਚ ਚੁਣੌਤੀ ਸੰਭਾਲੇ ਹੋਏ ਸਨ ਪਰ ਉਹ ਵੀ ਜੇਤੂ ਲੈਅ ਬਰਕਰਾਰ ਨਹੀਂ ਰੱਖ ਸਕੇ, ਹਾਲਾਂਕਿ ਮਿਕਸਡ ਡਬਲਜ਼ ਵਿਚ ਭਾਰਤੀ ਜੋੜੀ ਪ੍ਰਣਵ ਚੋਪੜਾ ਤੇ ਐੱਨ. ਸਿੱਕੀ ਰੈੱਡੀ ਦੀ ਚੁਣੌਤੀ ਬਰਕਰਾਰ ਹੈ, ਜਿਨ੍ਹਾਂ ਨੇ ਜਿੱਤ ਨਾਲ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਵਿਸ਼ਵ ਵਿਚ 8ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੂੰ ਤੀਜੀ ਸੀਡ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਹੱਥੋਂ 17-21, 17-21 ਨਾਲ ਲਗਾਤਾਰ ਸੈੱਟਾਂ 'ਚ ਹਾਰ ਝੱਲਣੀ ਪਈ। ਭਾਰਤੀ ਸ਼ਟਲਰ ਵਿਰੁੱਧ ਹੁਣ ਦੂਜੀ ਰੈਂਕਿੰਗ ਦੇ ਐਕਸੇਲਸਨ ਨੇ ਆਪਣਾ ਕਰੀਅਰ ਰਿਕਾਰਡ 3-2 ਕਰ ਲਿਆ ਹੈ। ਇਕ ਹੋਰ ਮੈਚ ਵਿਚ ਵਿਸ਼ਵ ਦੇ 19ਵੇਂ ਨੰਬਰ ਦੇ ਭਾਰਤੀ ਖਿਡਾਰੀ ਪ੍ਰਣਯ ਦੀ ਚੁਣੌਤੀ ਵੀ ਖਤਮ ਹੋ ਗਈ ਤੇ ਉਸ ਨੂੰ ਦੂਜਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਹੱਥੋਂ 15-21, 14-21 ਨਾਲ ਹਾਰ ਝੱਲਣੀ ਪਈ। ਪ੍ਰਣਯ ਵਿਰੁੱਧ ਵਿਸ਼ਵ ਦੇ ਚੌਥੇ ਨੰਬਰ ਦੇ ਚੀਨੀ ਖਿਡਾਰੀ ਨੇ ਹੁਣ ਆਪਣਾ ਰਿਕਾਰਡ 3-1 ਕਰ ਲਿਆ ਹੈ। ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਣਵ ਤੇ ਸਿੱਕੀ ਨੇ ਜੇਤੂ ਮੁਹਿੰਮ ਅੱਗੇ ਵਧਾਉਂਦਿਆਂ ਕੋਰੀਆ ਦੇ ਸਿਯੂੰਗ ਜੇਈ ਸਿਓ ਤੇ ਕਿਮ ਹਾ ਨਾ ਨੂੰ 58 ਮਿੰਟ ਤਕ ਚੱਲੇ ਮੁਕਾਬਲੇ ਵਿਚ 21-18, 9-21, 21-19 ਨਾਲ ਹਰਾ ਕੇ ਸੈਮੀਫਾਈਨਲ ਦੀ ਟਿਕਟ ਹਾਸਲ ਕੀਤੀ। 
ਟੂਰਨਾਮੈਂਟ 'ਚ ਇਕੱਲੀ ਬਚੀ ਭਾਰਤੀ ਖਿਡਾਰੀਆਂ ਦੀ ਜੋੜੀ ਹੁਣ ਫਾਈਨਲ ਦੀ ਟਿਕਟ ਹਾਸਲ ਕਰਨ ਲਈ ਜਾਪਾਨੀ ਕੁਆਲੀਫਾਇਰ ਤਾਕੂਰੋ ਹੋਕੂ ਤੇ ਸਯਾਕਾ ਹਿਰੋਤਾ ਦੀ ਜੋੜੀ ਨਾਲ ਮੁਕਾਬਲੇ ਲਈ ਉਤਰੇਗੀ।


Related News