ਸ਼੍ਰੀਲੰਕਾਈ ਬੋਰਡ ਤੇ ਖਿਡਾਰੀਆਂ ਦਰਮਿਆਨ ਵਿਵਾਦ ਖ਼ਤਮ, ਇੰਗਲੈਂਡ ਦੌਰੇ ’ਤੇ ਜਾਣਗੇ ਖਿਡਾਰੀ
Tuesday, Jun 08, 2021 - 12:59 PM (IST)
ਸਪੋਰਟਸ ਡੈਸਕ— ਸ਼੍ਰੀਲੰਕਾਈ ਕ੍ਰਿਕਟਰ ਕਰਾਰ ਦੀਆਂ ਵਿਵਸਥਾਵਾਂ ਨੂੰ ਤੈਅ ਕਰਨ ਵਾਲੇ ਖਿਡਾਰੀਆਂ ਦੇ ਮੁਲਾਂਕਣ ’ਚ ਪਾਰਦਰਸ਼ਤਾ ਲਿਆਉਣ ਲਈ ਸਹਿਮਤ ਹੋ ਗਏ ਹਨ। ਸ਼੍ਰੀਲੰਕਾ ਦੇ ਕ੍ਰਿਕਟਰਾਂ ਨੇ ਬਿਨਾ ਕਰਾਰ ਦੇ ਇੰਗਲੈਂਡ ਦਾ ਦੌਰਾ ਕਰਨ ’ਤੇ ਵੀ ਆਪਣੀ ਸਹਿਮਤੀ ਪ੍ਰਗਟਾਈ ਹੈ। ਸ਼੍ਰੀਲੰਕਾ ਦੇ ਕ੍ਰਿਕਟਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕਰਾਰ ਦੀਆਂ ਵਿਵਸਥਾਵਾਂ ਦੀ ਗਿਣਤੀ ਲਈ ਇਸਤੇਮਾਲ ਕੀਤੀ ਜਾਣ ਵਾਲੀ ਪ੍ਰਕਿਰਿਆ ਪਾਰਦਰਸ਼ੀ ਨਹੀਂ ਸੀ।
ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਕਿਹਾ ਕਿ ਉਹ ਇਸ ਗੱਲ ਦਾ ਵੇਰਵਾ ਦੇਵੇਗਾ ਕਿ ਉਹ ਖਿਡਾਰੀਆਂ ਦਾ ਮੁਲਾਂਕਣ ਕਿਵੇਂ ਕਰਦਾ ਹੈ ਤੇ ਉਨ੍ਹਾਂ ਨੂੰੰ ਕਰਾਰ ਕਿਵੇਂ ਜਾਰੀ ਕਰਦਾ ਹੈ। ਹਾਲਾਂਕਿ ਹੁਣ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ ਹੈ। ਖਿਡਾਰੀਆਂ ਨੇ ਸਵੈ ਇਛੁੱਕ ਐਲਾਨ ’ਤੇ ਹਸਤਾਖਰ ਕੀਤੇ ਹਨ, ਪਰ ਖਿਡਾਰੀਆਂ ਦੇ ਮਿਹਨਤਾਨੇ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਟੀਮ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ 9 ਜੂਨ ਨੂੰ ਇੰਗਲੈਂਡ ਦੇ ਦੌਰੇ ਲਈ ਰਵਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੂੰ 23 ਜੂਨ ਨੂੰ ਇੰਗਲੈਂਡ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਮੈਚਾਂ ਦਾ ਪਹਿਲਾਂ ਮੈਚ ਖੇਡਣਾ ਹੈ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 29 ਜੂਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੇਂਟ ਤੇ ਸਸੇਕਸ ਦੇ ਖ਼ਿਲਾਫ਼ ਦੋ ਮੈਚ ਖੇਡਣੇ ਹਨ।