ਮੇਂਡਿਸ ਦੇ ਸੈਂਕੜੇ ਨਾਲ ਜ਼ਿੰਬਾਬਵੇ ਦੀ ਉਮੀਦ ਟੁੱਟੀ, ਸ਼੍ਰੀਲੰਕਾ ਨੇ ਜਿੱਤੀ ਸੀਰੀਜ਼
Friday, Jan 31, 2020 - 11:32 PM (IST)

ਹਰਾਰੇ— ਸ਼੍ਰੀਲੰਕਾਈ ਬੱਲੇਬਾਜ਼ ਕੁਸਾਲ ਮੇਂਡਿਸ (ਅਜੇਤੂ 116) ਨੇ ਸ਼ੁੱਕਰਵਾਰ ਨੂੰ ਇੱਥੇ ਸੈਂਕੜਾ ਲਗਾ ਕੇ ਜ਼ਿੰਬਾਬਵੇ ਦੀ ਦੂਸਰੇ ਟੈਸਟ ਮੈਚ 'ਚ ਜਿੱਤ ਦਰਜ ਕਰਕੇ ਸੀਰੀਜ਼ ਬਰਾਬਰ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਸ਼੍ਰੀਲੰਕਾ ਨੇ ਪਹਿਲੇ ਟੈਸਟ 'ਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਦਾ ਮਤਲਬ ਹੈ ਕਿ ਉਸਨੇ 2 ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ। ਜ਼ਿੰਬਾਬਵੇ ਨੇ ਸਵੇਰੇ ਕੇਵਲ ਇਕ ਗੇਂਦ ਖੇਡੀ, ਜਿਸ 'ਤੇ ਕਪਤਾਨ ਵਿਲੀਅਮਸ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਇਸ ਦੇ ਤੁਰੰਤ ਬਾਅਦ ਪਾਰੀ ਖਤਮ ਕਰ ਐਲਾਨ ਕਰ ਦਿੱਤੀ। ਇਸ ਤਰ੍ਹਾਂ ਨਾਲ ਸ਼੍ਰੀਲੰਕਾ ਨੂੰ ਜਿੱਤ ਦੇ ਲਈ 361 ਦੌੜਾਂ ਦਾ ਟੀਚਾ ਮਿਲਿਆ। ਸ਼੍ਰੀਲੰਕਾ ਨੇ ਕਪਤਾਨ ਦਿਮੁਥ ਕਰੁਣਾਰਤਨੇ (12), ਓਸ਼ਾਦਾ ਫਰਨਾਡੋ (47) ਤੇ ਐਂਜੇਲੋ ਮੈਥਿਊਜ਼ (13) ਦੇ ਵਿਕਟ ਗੁਆਏ ਪਰ ਮੇਂਡਿਸ ਦੇ 7ਵੇਂ ਟੈਸਟ ਸੈਂਕੜੇ ਨਾਲ ਉਹ ਮੈਚ ਡਰਾਅ ਕਰਵਾਉਣ 'ਚ ਸਫਲ ਰਿਹਾ। ਮੇਂਡਿਸ ਨੇ 233 ਗੇਂਦਾਂ 'ਤੇ 13 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 116 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਤਿੰਨ ਵਿਕਟਾਂ 'ਤੇ 205 ਦੌੜਾਂ ਬਣਾਈਆਂ। ਜਦੋ ਮੈਚ ਡਰਾਅ ਦਾ ਐਲਾਨ ਕੀਤਾ ਤਾਂ ਉਹ ਟੀਚੇ ਤੋਂ 156 ਦੌੜਾਂ ਪਿੱਛੇ ਸੀ।