SL v IND : ਭਾਰਤ ਨੇ ਸ਼੍ਰੀਲੰਕਾ ਨੂੰ 38 ਦੌੜਾਂ ਨਾਲ ਹਰਾਇਆ
Sunday, Jul 25, 2021 - 11:31 PM (IST)
ਕੋਲੰਬੋ- ਸੂਰਯਕੁਮਾਰ ਯਾਦਵ ਦੇ ਅਰਧ ਸੈਂਕੜੇ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ ਸ਼੍ਰੀਲੰਕਾ ਨੂੰ 38 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਤਰ੍ਹਾਂ ਭਾਰਤੀ ਟੀਮ ਨੇ ਵਨ ਡੇ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਟੀ-20 ਵਿਚ ਵੀ ਜੇਤੂ ਸ਼ੁਰੂਆਤ ਕੀਤੀ।
ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ
ਭਾਰਤ ਦੀਆਂ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ (22 ਦੌੜਾਂ 'ਤੇ 4 ਵਿਕਟਾਂ) ਅਤੇ ਦੀਪਕ ਚਾਹਰ (24 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ 18.3 ਓਵਰਾਂ ਵਿਚ 126 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਨੇ ਆਖਰੀ 7 ਵਿਕਟਾਂ ਸਿਰਫ 36 ਦੌੜਾਂ 'ਤੇ ਗੁਆਈਆਂ। ਮੇਜ਼ਬਾਨ ਟੀਮ ਵਲੋਂ ਚਰਿਥ ਅਸਾਲੰਕਾ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਚਾਹਲ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 19 ਦੌੜਾਂ 'ਤੇ 1 ਵਿਕਟ ਹਾਸਲ ਕੀਤੀ ਜਦਕਿ ਵਰੁਣ ਚੱਕਰਵਰਤੀ, ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਨੇ ਵੀ 1-1 ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਭਾਰਤ ਚੰਗੀ ਲੈਅ ਵਿਚ ਚੱਲ ਰਹੇ ਸੂਰਯਕੁਮਾਰ ਯਾਦਵ ਦੇ ਅਰਧ ਸੈਂਕੜੇ ਦੀ ਬਦੌਲਤ ਇੱਥੇ 5 ਵਿਕਟਾਂ 'ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਿਸ ਦਾ ਉਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਬਚਾਅ ਕੀਤਾ। ਸੂਰਯਕੁਮਾਰ ਨੇ 34 ਗੇਂਦਾਂ ਵਿਚ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਉਣ ਤੋਂ ਇਲਾਵਾ ਕਪਤਾਨ ਸ਼ਿਖਰ ਧਵਨ (46) ਨਾਲ ਤੀਜੀ ਵਿਕਟ ਲਈ 62 ਦੌੜਾਂ ਦੀ ਸ਼ਾਂਝੇਦਾਰੀ ਵੀ ਕੀਤੀ।
ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ
ਧਵਨ ਨੇ ਇਸ ਤੋਂ ਪਹਿਲਾਂ ਸੰਜੂ ਸੈਮਸਨ (27) ਨਾਲ ਦੂਜੀ ਵਿਕਟ ਲਈ 51 ਦੌੜਾਂ ਜੋੜੀਆਂ। ਭਾਰਤੀ ਟੀਮ ਇਕ ਸਮੇਂ 14 ਓੲਰਾਂ ਵਿਚ 2 ਵਿਕਟਾਂ 'ਤੇ 113 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਦੁਸ਼ਮੰਤਾ ਚਮੀਰਾ (24 ਦੌੜਾਂ 'ਤੇ 2 ਵਿਕਟਾਂ) ਤੇ ਵਾਨਿੰਦੂ ਹਸਰੰਗਾ (28 ਦੌੜਾਂ 'ਤੇ 2 ਵਿਕਟਾਂ) ਦੇ ਸਾਹਮਣੇ ਬੱਲੇਬਾਜ਼ ਡੈੱਥ ਓਵਰਾਂ ਵਿਚ ਵੱਡੀਆਂ ਸ਼ਾਟਾਂ ਖੇਡਣ ਵਿਚ ਅਸਫਲ ਰਹੇ। ਟੀਮ ਆਖਰੀ ਪੰਜ ਓਵਰਾਂ ਵਿਚ 43 ਦੌੜਾਂ ਹੀ ਬਣਾ ਸਕੀ।
ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਤੇਜ਼ ਗੇਂਦਬਾਜ਼ ਚਮੀਰਾ ਨੇ ਡੈਬਿਊ ਕਰ ਰਹੇ ਪ੍ਰਿਥਵੀ ਸ਼ਾਹ ਨੂੰ ਮੈਚ ਦੀ ਪਹਿਲੀ ਹੀ ਗੇਂਦ 'ਤੇ ਵਿਕਟਕੀਪਰ ਮਿਨੋਦ ਭਾਨੁਕਾ ਹੱਥੋਂ ਕੈਚ ਕਰਵਾ ਕੇ ਮੇਜ਼ਬਾਨ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਕਪਤਾਨ ਧਵਨ ਤੇ ਸੰਜੂ ਸੈਮਸਨ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਪਾਵਰ ਪਲੇਅ ਵਿਚ ਭਾਰਤ ਦਾ ਸਕੋਰ ਇਕ ਵਿਕਟ 'ਤੇ 51 ਦੌੜਾਂ ਤੱਕ ਪਹੁੰਚਾਇਆ। ਸੈਮਸਨ ਨੇ 20 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਦੋ ਚੌਕੇ ਤੇ ਇਕ ਛੱਕਾ ਲਗਾਇਆ।
ਪਲੇਇੰਗ ਇਲੈਵਨ :-
ਭਾਰਤੀ ਟੀਮ - ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾਹ, ਇਸ਼ਾਨ ਕਿਸ਼ਨ (ਵਿਕਟਕੀਪਰ), ਮਨੀਸ਼ ਪਾਂਡੇ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਰਾਹੁਲ ਚਾਹਰ-ਕੁਲਦੀਪ ਯਾਦਵ, ਯੁਜਵੇਂਦਰ ਚਾਹਲ।
ਸ਼੍ਰੀਲੰਕਾ ਟੀਮ- ਅਵੀਸ਼ਕਾ ਫਰਨਾਂਡੋ, ਮਿਨੋਦ ਭਾਨੂਕਾ (ਵਿਕਟਕੀਪਰ), ਭਾਨੂਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਚਰਿਤ ਅਸਾਲੰਕਾ, ਦਾਸੂਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਈਸੁਰ ਉਡਾਨਾ, ਦੁਸ਼ਮੰਥ ਚਮੀਰਾ, ਲਕਸ਼ਮਣ ਸੰਦਾਕਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।