LPL ਤੋਂ ਪਹਿਲਾਂ ਤਨਵੀਰ, ਰਵਿੰਦਰਪਾਲ ਕੋਰੋਨਾ ਪਾਜ਼ੇਟਿਵ ਪਾਏ ਗਏ
Friday, Nov 20, 2020 - 05:29 PM (IST)
ਕੋਲੰਬੋ (ਭਾਸ਼ਾ) : ਪਾਕਿਸਤਾਨ ਦੇ ਤੇਜ਼ ਗੇਂਦਬਾਜ ਸੋਹੇਲ ਤਨਵੀਰ ਅਤੇ ਕੈਨੇਡਾ ਦੇ ਬੱਲੇਬਾਜ਼ ਰਵਿੰਦਰਪਾਲ ਸਿੰਘ 26 ਨਵੰਬਰ ਤੋਂ ਸ਼ੁਰੂ ਹੋ ਰਹੀ ਪਹਿਲੀ ਲੰਕਾ ਪ੍ਰੀਮੀਅਰ ਲੀਗ (ਐਲ.ਪੀ.ਐਲ.) ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਆਯੋਜਕਾਂ ਨੂੰ ਇਕ ਹੋਰ ਝੱਟਕਾ ਲੱਗਾ ਹੈ।
ਈ.ਐਸ.ਪੀ.ਐਨ.ਕ੍ਰਿਕਇਨਫੋ ਦੀ ਸ਼ੁੱਕਰਵਾਰ ਦੀ ਰਿਪੋਰਟ ਅਨੁਸਾਰ ਕੈਂਡੀ ਟਸਕਰਸ ਟੀਮ ਦਾ ਹਿੱਸਾ ਤਨਵੀਰ ਅਤੇ ਕੋਲੰਬੋ ਕਿੰਗਜ਼ ਦੇ ਰਵਿੰਦਰਪਾਲ ਟੀ20 ਟੂਰਨਾਮੈਂਟ ਲਈ ਸ਼੍ਰੀਲੰਕਾ ਪੁੱਜਣ 'ਤੇ ਕੋਰੋਨਾ ਵਾਇਰਸ ਪੀੜਤ ਪਾਏ ਗਏ। ਪਾਕਿਸਤਾਨ ਦੇ ਹੀ ਵਹਾਬ ਰਿਆਜ ਅਤੇ ਇੰਗਲੈਂਡ ਦੇ ਲਿਆਮ ਪਲੰਕੇਟ ਦੇ ਹੱਟਣ 'ਤੇ ਤਨਵੀਰ ਨੂੰ ਬਦਲ ਦੇ ਤੌਰ 'ਤੇ ਜਗ੍ਹਾ ਦਿੱਤੀ ਗਈ ਸੀ। ਤਨਵੀਰ ਅਤੇ ਰਵਿੰਦਰਪਾਲ ਘੱਟ ਤੋਂ ਘੱਟ 2 ਹਫ਼ਤੇ ਲਈ ਬਾਹਰ ਹੋ ਗਏ ਹਨ।
ਟਸਕਰਸ ਦੇ ਕੋਚ ਹਸਨ ਤੀਲਕਰਤਨੇ ਨੇ ਕਿਹਾ ਕਿ ਉਨ੍ਹਾਂ ਨੂੰ ਤਨਵੀਰ ਦੀ ਜਗ੍ਹਾ ਲੈਣ ਲਈ ਕਿਸੇ ਹੋਰ ਖਿਡਾਰੀ ਦੀ ਜ਼ਰੂਰਤ ਹੋਵੇਗੀ। ਸ਼੍ਰੀਲੰਕਾ ਦੇ ਇਸ ਸਾਬਕਾ ਬੱਲੇਬਾਜ਼ ਨੇ ਵੈਬਸਾਈਟ ਨੂੰ ਕਿਹਾ, 'ਸਾਨੂੰ ਫਰੈਂਚਾਇਜੀ ਮਾਲਕਾਂ ਨਾਲ ਗੱਲ ਕਰਣੀ ਹੋਵੇਗੀ ਅਤੇ ਤਨਵੀਰ ਦੀ ਜਗ੍ਹਾ ਲੈਣ ਲਈ ਕਿਸੇ ਨੂੰ ਲੱਭਣਾ ਹੋਵੇਗਾ।' ਐਲ.ਪੀ.ਐਲ. ਆਯੋਜਕਾਂ ਨੂੰ ਇਸ ਤੋਂ ਪਹਿਲਾਂ ਲਸਿਥ ਮਲਿੰਗਾ ਅਤੇ ਕ੍ਰਿਸ ਗੇਲ ਵਰਗੇ ਸਿਖ਼ਰ ਖਿਡਾਰੀਆਂ ਦੇ ਹੱਟਣ ਨਾਲ ਝੱਟਕਾ ਲੱਗਾ ਸੀ।