ਖੇਡ ਮੰਤਰੀ ਨੇ 8ਵੀਂ ਸਲੱਮ ਦੌੜ ਨੂੰ ਦਿਖਾਈ ਹਰੀ ਝੰਡੀ

07/15/2017 6:02:49 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਸ਼ਨੀਵਾਰ ਨੂੰ 8ਵੀਂ ਸਲੱਮ ਦੌੜ ਨੂੰ ਹਰੀ ਝੰਡੀ ਦਿਖਾਈ, ਇਸ ਮੌਕੇ 'ਤੇ ਉਨ੍ਹਾਂ ਨਾਲ ਸੰਸਦ ਰਮੇਸ਼ ਬਿਧੁਰੀ, ਰਾਜ ਮੰਤਰੀ ਬਾਬੁਲ ਸੁਪ੍ਰਿਆ ਅਤੇ ਸਿੰਘ ਸਿਸਟਰਜ਼ ਦੇ ਨਾਂ ਨਾਲ ਪ੍ਰਸਿੱਧ ਬਾਸਕਟਬਾਲ ਖਿਡਾਰੀ ਦਿਵਿਆ, ਪ੍ਰਸ਼ਾਂਤੀ ਅਕਾਂਸ਼ਾ ਅਤੇ ਪ੍ਰਤਿਮਾ ਮੌਜੂਦ ਸਨ। ਸਲੱਮ ਦੌੜ ਦੇ 8ਵੇਂ ਸੈਸ਼ਨ ਨੂੰ ਕੁਤੁਬ ਮੀਨਾਰ ਤੋਂ ਝੰਡੀ ਦਿਖਾਈ ਗਈ, ਜੋ ਮਹਿਰੋਲੀ ਸਰਕਾਰੀ ਯੂਨੀਵਰਸਿਟੀ ਦੇ ਮੈਦਾਨ 'ਤੇ ਖਤਮ ਹੋਈ। ਇਸ 'ਚ ਕਰੀਬ 3 ਹਜ਼ਾਰ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਬਾਬੁਲ ਸੁਪ੍ਰਿਆ ਨੇ ਨੌਜਵਾਨਾ ਨੂੰ ਗੀਤ ਗਾ ਕੇ ਪ੍ਰੇਰਿਤ ਕੀਤਾ। 
ਇਸ ਮੌਕੇ 'ਤੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਗੋਇਲ ਨੇ ਕਿਹਾ ਕਿ ਇਹ ਸਿਰਫ ਦੌੜ ਨਹੀਂ ਬਲਕਿ ਇਕ ਨਵੇਂ ਭਾਰਤ ਵੱਲ ਵੱਧਦੀ ਹੋਈ ਨੌਜਵਾਨ ਸ਼ਕਤੀ ਹੈ। ਗੋਇਲ ਨੇ ਕਿਹਾ ਕਿ ਅਸੀਂ ਜਲਦ ਹੀ ਬਸਤੀਆਂ 'ਚ ਨੌਜਵਾਨਾਂ ਦੀਆਂ ਟੀਮਾਂ ਬਣਾਵਾਂਗੇ ਅਤੇ ਵੱਖ ਖੇਡ ਜਿਵੇਂ ਫੁੱਟਬਾਲ, ਕਬੱਡੀ, ਬੈਡਮਿੰਟਨ ਆਦਿ ਦੀਆਂ ਪ੍ਰਤੀਯੋਗਿਤਾਵਾਂ ਵੀ ਰੱਖਾਂਗੇ। ਇਸ ਨਾਲ ਸਾਨੂੰ ਭਵਿੱਖ 'ਚ ਖਿਡਾਰੀਆਂ ਨੂੰ ਲੱਭਣ ਦਾ ਸੁਨਹਿਰਾ ਮੌਕਾ ਮਿਲੇਗਾ।
ਸਿੰਘ ਸਿਸਟਰਜ਼ ਨੇ ਸਮਾਰੋਹ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ 'ਚ ਨੌਜਵਾਨਾਂ ਨੂੰ ਰਚਨਾਤਮਕਤਾ ਅਤੇ ਸਕਾਰਾਤਮਕ ਸੋਚ ਰੱਖਣ ਦਾ ਮੌਕਾ ਮਿਲੇਗਾ। ਬਾਬੁਲ ਸੁਪ੍ਰਿਆ ਅਤੇ ਸੰਸਦ ਬਿਧੁਰੀ ਨੇ ਮੰਤਰਾਲੇ ਦੀ ਤਾਰੀਫ ਕਰਦੇ ਹੋਏ ਬੱਚਿਆਂ ਦਾ ਦੌੜ 'ਚ ਉਤਸ਼ਾਹ ਵਧਾਇਆ। 16 ਜੁਲਾਈ ਨੂੰ 9-ਵੀ ਸਲੱਮ ਦੌੜ ਆਯੋਜਿਤ ਕੀਤੀ ਜਾਵੇਗੀ, ਜਿਸ 'ਚ ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੂ, ਵਿਧੁਤ ਮੰਤਰੀ ਪੀਯੂਸ਼ ਗੋਇਲ ਅਤੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਹਿੱਸਾ ਲੈਣਗੇ। ਦੌੜ ਦਾ ਆਯੋਜਨ ਸਾਹਿਬ ਸਿੰਘ ਵਰਮਾ ਪਾਰਕ, ਕਕਰੋਲਾ ਪਿੰਡ ਦੇ ਕੋਲ ਕੀਤਾ ਜਾਵੇਗਾ।

 


Related News