Sport''s Wrap up 5 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Tuesday, Feb 05, 2019 - 11:00 PM (IST)
ਸਪੋਰਟਸ ਡੈੱਕਸ— ਭਾਰਤ ਨੇ ਨਿਊਜ਼ੀਲੈਂਡ ਨੂੰ ਵਨ ਡੇ ਸੀਰੀਜ਼ 'ਚ 4-1 ਨਾਲ ਹਰਾਉਣ ਤੋਂ ਬਾਅਦ 6 ਫਰਵਰੀ ਨੂੰ ਟੀ-20 ਸੀਰੀਜ਼ ਪਹਿਲਾ ਮੈਚ ਖੇਡਿਆ ਜਾਣਾ ਹੈ ਤੇ ਭਾਰਤ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਵੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਗਾਵਸਕਰ ਇਸ ਕਾਰਨ ਧੋਨੀ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਇਲੈਵਨ 'ਚ ਨਹੀਂ ਚਾਹੁੰਦੇ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
IND vs NZ : ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਵੀ ਜਿੱਤਣਾ ਚਾਹੇਗਾ ਭਾਰਤ

ਵਿਦੇਸ਼ੀ ਜ਼ਮੀਨ 'ਤੇ ਪਿਛਲੇ ਤਿੰਨ ਮਹੀਨੇ 'ਚ ਜਿੱਤ ਦਾ ਨਵਾਂ ਇਤਿਹਾਸ ਲਿਖ ਰਹੀ ਟੀਮ ਇੰਡੀਆ ਬੁੱਧਵਾਰ ਨੂੰ ਆਖਰੀ ਪੜਾਅ 'ਚ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ ਦੇ ਨਾਲ ਹੀ ਇਕ ਹੋਰ ਸੀਰੀਜ਼ ਜਿੱਤਣ ਵਲ ਇਕ ਹੋਰ ਕਦਮ ਵਧਾਉਣ ਦੇ ਮਕਸਦ ਨਾਲ ਉਤਰੇਗੀ। ਨਿਯਮਿਤ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਦੇ ਬਾਅਦ ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰਨਗੇ। ਆਸਟਰੇਲੀਆ ਦੇ ਇਤਿਹਾਸਕ ਦੌਰੇ ਦੇ ਬਾਅਦ ਇੱਥੇ ਵਨ ਡੇ ਸੀਰੀਜ਼ 4-1 ਨਾਲ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਜਿੱਤਣ 'ਤੇ ਹੈ।
ਕਾਰਡੀ ਬੀ ਨੇ ਕਾਪਰਨਿਕ ਦੇ ਸਮਰਥਨ 'ਚ ਸੁਪਰ ਬਾਓਲ ਵਿਚ ਪੇਸ਼ਕਾਰੀ ਠੁਕਰਾਈ

ਅਮਰੀਕਾ ਦੀ ਮੰਨੀ-ਪ੍ਰਮੰਨੀ ਰੈਪਰ ਕਾਰਡੀ ਬੀ ਨੇ ਮਸ਼ਹੂਰ ਪਲੇਅਰ ਕੌਲਿਨ ਕਾਪਰਨਿਕ ਦੇ ਸਮਰਥਨ 'ਚ ਸੁਪਰ ਬਾਓਲ ਹਾਫ ਟਾਈਮ ਵਿਚ ਪੇਸ਼ਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੌਲਿਨ ਨੂੰ ਲੋਕ 2016 ਦੌਰਾਨ ਅਮਰੀਕੀ ਰਾਸ਼ਟਰੀ ਗੀਤ ਦੇ ਸਮੇਂ ਗੋਡਿਆਂ ਦੇ ਭਾਰ ਬੈਠ ਕੇ ਵਿਰੋਧ ਕਰਨ ਲਈ ਜਾਣਦੇ ਹਨ। ਦਰਅਸਲ, ਕੌਲਿਨ ਅਮਰੀਕੀ ਸਰਕਾਰ ਤੋਂ ਸ਼ਵੇਤ-ਅਸ਼ਵੇਤ ਲੋਕਾਂ ਨੂੰ ਇਕ ਬਰਾਬਰ ਅਧਿਕਾਰ ਦੇਣ ਦੀ ਜੰਗ ਲੜ ਰਿਹਾ ਹੈ।
ਇਸ ਕਾਰਨ ਧੋਨੀ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਇਲੈਵਨ 'ਚ ਨਹੀਂ ਚਾਹੁੰਦੇ ਗਾਵਸਕਰ

ਵਨ ਡੇ ਸੀਰੀਜ਼ ਨੂੰ 4-1 ਨਾਲ ਆਪਣੇ ਨਾਂ ਕਰਨ ਦੇ ਬਾਅਦ ਭਾਰਤੀ ਟੀਮ ਬੁੱਧਵਾਰ ਨੂੰ ਟੀ-20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਵੇਲਿੰਗਟਨ 'ਚ ਮੇਜ਼ਬਾਨੀ ਨਿਊਜ਼ੀਲੈਂਡ ਖਿਲਾਫ ਖੇਡੇਗੀ। ਵਿਰਾਟ ਕੋਹਲੀ ਨੂੰ ਟੀਮ 'ਚੋਂ ਆਰਾਮ ਦਿੱਤਾ ਗਿਆ ਹੈ ਅਤੇ ਅਜਿਹੇ 'ਚ ਰੋਹਿਤ ਸ਼ਰਮਾ ਹੀ ਕਪਤਾਨੀ ਕਰਦੇ ਦਿਸਣਗੇ। ਹਾਰਦਿਕ ਪੰਡਯਾ ਦੀ ਵਾਪਸੀ ਦੇ ਨਾਲ ਟੀ-20 ਸੀਰੀਜ਼ 'ਚ ਕਰੁਣਾਲ ਪੰਡਯਾ ਵੀ ਨਜ਼ਰ ਆਉਣਗੇ। ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਤੋਂ ਇਲਾਵਾ ਸਿਧਾਰਥ ਕੌਲ ਅਤੇ ਖਲੀਲ ਵੀ ਟੀਮ ਦਾ ਹਿੱਸਾ ਹੋਣਗੇ।
ਉਂਗਲੀ ਦੇ ਸਪਿਨਰਾਂ ਨੂੰ ਟਿਕੇ ਰਹਿਣ ਲਈ ਸੁਧਾਰ ਕਰਨ ਦੀ ਲੋੜ : ਹਰਭਜਨ

ਧਾਕੜ ਆਫ ਸਪਿਨਰ ਹਰਭਜਨ ਸਿੰਘ ਨੂੰ ਲੱਗਦਾ ਹੈ ਕਿ ਰਵਿੰਦਰ ਜਡੇਜਾ ਦੀ ਆਲਰਾਊਂਡਰ ਖੇਡ ਕਾਰਨ ਉਸ ਕੋਲ ਟੀਮ ਵਿਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ ਪਰ ਸਿਰਫ ਉਂਗਲੀ ਦੇ ਸਪਿਨਰ ਦੇ ਤੌਰ 'ਤੇ ਟੀਮ ਵਿਚ ਟਿਕੇ ਰਹਿਣ ਲਈ ਉਸ ਨੂੰ ਸੁਧਾਰ ਕਰਨਾ ਪਵੇਗਾ।
ਰੋਨਾਲਡੋ ਕਾਰਨ ਚੀਨ 'ਚ ਪ੍ਰਸਿੱਧੀ ਦੇ ਮਾਮਲੇ 'ਚ ਜੁਵੈਂਟਸ ਨੇ ਰੀਅਲ ਮੈਡ੍ਰਿਡ ਨੂੰ ਪਛਾੜਿਆ

ਕ੍ਰਿਸਟੀਆਨੋ ਰੋਨਾਲਡੋ ਦੇ ਰੀਅਲ ਮੈਡ੍ਰਿਡ ਨੂੰ ਛੱਡ ਕੇ ਜੁਵੈਂਟਸ ਨਾਲ ਜੁੜਨ ਤੋਂ ਬਾਅਦ ਚੀਨ ਵਿਚ ਇਸ ਫੁੱਟਬਾਲ ਕਲੱਬ ਦੀ ਪ੍ਰਸਿੱਧੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਰੋਨਾਲਡੋ ਨੇ ਸੀਰੀ-ਏ ਦੇ 22 ਮੈਚਾਂ ਵਿਚ 17 ਗੋਲ ਕਰ ਕੇ ਜੁਵੈਂਟਸ ਨੂੰ ਇਤਾਲਵੀ ਲੀਗ ਖਿਤਾਬ ਬਰਕਰਾਰ ਰੱਖਣ ਦੀ ਦਿਸ਼ਾ ਵਿਚ ਵਧਾ ਦਿੱਤਾ ਹੈ।
ਸਰਫਰਾਜ਼ ਹੀ ਹੋਣਗੇ ਵਿਸ਼ਵ ਕੱਪ 'ਚ ਪਾਕਿ ਟੀਮ ਦੇ ਕਪਤਾਨ : PCB

ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਤੋਂ 4 ਮੈਚਾਂ ਦੀ ਪਾਬੰਦੀ ਝਲ ਰਹੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੋਂ ਰਾਹਤ ਦੀ ਖਬਰ ਮਿਲੀ ਹੈ। ਪੀ. ਸੀ. ਬੀ. ਨੇ ਕਿਹਾ ਕਿ 2019 ਵਿਚ ਇੰਗਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਸਰਫਰਾਜ਼ ਹੀ ਪਾਕਿ ਟੀਮ ਦੀ ਅਗਵਾਈ ਕਰਨਗੇ।
ਖਲੀ ਦੀ ਰਿੰਗ 'ਚ ਭੱਜੀ ਦਾ ਜਲਵਾ, ਇਕ 'ਥੱਪੜ' ਨਾਲ ਰੈਸਲਰ ਨੂੰ ਸੁੱਟਿਆ ਬਾਹਰ (video)

ਭਾਰਤੀ ਟੀਮ ਤੋਂ ਬਾਹਰ ਚਲ ਰਹੇ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਮੈਦਾਨ ਤੋਂ ਬਾਅਦ ਹੁਣ ਰੈਸਲਿੰਗ ਰਿੰਗ ਵਿਚ ਵੀ ਜਲਵਾ ਦਿਖਾ ਰਹੇ ਹਨ। ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ, ਹਰਭਜਨ ਪਿਛਲੇ ਹਫਤੇ ਡਬਲਿਊ. ਡਬਲਿਊ. ਈ. ਰੈਸਲਰ ਦਿ ਗ੍ਰੇਟ ਖਲੀ ਦੀ ਅਕੈਡਮੀ ਵਿਚ ਪਹੁੰਚੇ ਅਤੇ ਉਸ ਨੇ ਆਪਣੇ 'ਥੱਪੜ' ਦੀ ਤਾਕਤ ਦਿਖਾਈ। ਹਰਭਜਨ ਨੇ ਪਲਸ ਕਰਮਚਾਰੀ ਦੀ ਡ੍ਰੈਸ ਪਹਿਨੇ ਇਕ ਰੈਸਲਰ ਨੂੰ ਥੱਪੜ ਲਾਇਆ ਜਿਸ ਤੋਂ ਬਾਅਦ ਉਹ ਰਿੰਗ ਤੋਂ ਬਾਹਰ ਡਿੱਗ ਗਿਆ।
ਨਸਲਵਾਦ ਮਾਮਲੇ 'ਤੇ ਫੁੱਟਬਾਲ ਅਧਿਕਾਰੀਆਂ ਨਾਲ ਮਿਲਣਗੇ ਬ੍ਰਿਟਿਸ਼ ਖੇਡਮੰਤਰੀ

ਬ੍ਰਿਟਿਸ਼ ਖੇਡਮੰਤਰੀ ਮਮਸੀ ਡੇਵਿਸ ਨੇ ਕਿਹਾ, ''ਉਹ ਹਾਲ ਹੀ 'ਚ ਵੱਡੇ ਮੈਚਾਂ 'ਚ ਨਸਲਵਾਦੀ ਨਾਰੇਬਾਜ਼ੀ ਅਤੇ ਅਪਮਾਨਜਨਕ ਸ਼ਬਦਾਂ ਦੇ ਇਸਤੇਮਾਲ ਦੀਆਂ ਘਟਨਾਵਾਂ ਨੂੰ ਲੈ ਕੇ ਫੁੱਟਬਾਲ ਅਧਿਕਾਰੀਆਂ ਨਾਲ ਮਿਲਣਗੇ। ਡੇਵਿਸ ਨੇ ਹਾਊਸ ਆਫ ਕਾਮੰਸ 'ਚ ਕਿਹਾ ਕਿ ਉਹ ਆਉਣ ਜਾਣ ਵਾਲੇ ਹਫਤਿਆਂ ਵਿਚ ਇੰਗਲੈਂਡ ਫੁੱਟਬਾਲ ਸੰਘ, ਪ੍ਰੀਮਿਅਰ ਲੀਗ ਅਤੇ ਇੰਗਲਿਸ਼ ਫੁੱਟਬਾਲ ਲੀਗ ਦੇ ਅਧਿਕਾਰੀਆਂ ਨਾਲ ਮਿਲਣਗੇ।
ਭਾਰਤ ਨੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਿੱਤਾ ਪ੍ਰਸਤਾਵ

ਭਾਰਤ ਸਮੇਤ 6 ਦੇਸ਼ਾਂ ਨੇ ਅਗਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਮਾਂਤਰੀ ਹਾਕੀ ਮਹਾਸੰਘ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤ ਨੇ 13 ਤੋਂ 29 ਜਨਵਰੀ 2023 ਤੱਕ ਮਹਿਲਾ ਜਾਂ ਪੁਰਸ਼ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕੀਤਾ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਵੀ ਇਸੇ ਵਿੰਡੋ ਨੂੰ ਚੁਣਿਆ ਹੈ। ਭਾਰਤ 3 ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ, ਜਿਸ ਵਿਚ ਆਖਰੀ ਵਾਰ ਭੁਵਨੇਸ਼ਵਰ ਵਿਚ ਪਿਛਲੇ ਸਾਲ ਵਿਸ਼ਵ ਕੱਪ ਹੋਇਆ ਸੀ। ਸਪੇਨ, ਮਲੇਸ਼ੀਆ ਅਤੇ ਜਰਮਨੀ ਨੇ 1 ਤੋਂ 17 ਜੁਲਾਈ 2022 ਦਾ ਵਿੰਡੋ ਚੁਣਿਆ ਹੈ।
ਟੀ-20 ਮੈਚਾਂ ਦਾ ਸੈਂਕੜਾ ਪੂਰਾ ਕਰੇਗੀ ਭਾਰਤੀ ਮਹਿਲਾ ਟੀਮ

ਭਾਰਤੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਵਿਚ ਟੀ-20 ਮੈਚਾਂ ਦਾ ਆਪਣਾ ਸੈਂਕੜਾ ਪੂਰਾ ਕਰੇਗੀ। ਭਾਰਤੀ ਮਹਿਲਾ ਟੀਮ ਨੇ ਹੁਣ ਤਕ 98 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 53 ਮੈਚ ਜਿੱਤੇ ਹਨ ਤੇ 43 ਹਾਰੇ ਹਨ। ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ 8 ਟੀ-20 ਮੈਚਾਂ ਵਿਚੋਂ 3 ਮੈਚ ਜਿੱਤੇ ਹਨ ਤੇ 5 ਹਾਰੇ ਹਨ। ਮਹਿਲਾ ਟੀਮ ਦਾ ਇਸ ਮਾਮਲੇ ਵਿਚ ਰਿਕਾਰਡ ਪੁਰਸ਼ ਟੀਮ ਤੋਂ ਬਿਹਤਰ ਹੈ, ਜਿਸ ਨੇ ਨਿਊਜ਼ੀਲੈਂਡ ਵਿਰੁੱਧ 8 ਮੈਚਾਂ ਵਿਚੋਂ ਸਿਰਫ 2 ਮੈਚ ਜਿੱਤੇ ਹਨ।
