ਸਪੇਨ ਬਣੀ ਯੂਰੋ ਕੱਪ ਦੀ ਚੈਂਪੀਅਨ, ਫਾਈਨਲ ''ਚ ਇੰਗਲੈਂਡ ਨੂੰ ਹਰਾ ਕੇ ਰਿਕਾਰਡ ਚੌਥੀ ਵਾਰ ਕੀਤਾ ਖ਼ਿਤਾਬ ''ਤੇ ਕਬਜ਼ਾ
Monday, Jul 15, 2024 - 04:33 AM (IST)
ਸਪੋਰਟਸ ਡੈਸਕ- ਜਰਮਨੀ ਦੇ ਬਰਲਿਨ ਸਥਿਤ ਓਲੰਪਿਆਸਟੇਡੀਅਨ ਸਟੇਡੀਅਮ 'ਚ ਖੇਡੇ ਗਏ ਯੂਰੋ ਕੱਪ ਦੇ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ 'ਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ, ਜਦਕਿ ਇੰਗਲੈਂਡ ਦੀ ਪਹਿਲੀ ਟਰਾਫ਼ੀ ਦੀ ਖੋਜ ਇਸ ਸਾਲ ਵੀ ਪੂਰੀ ਨਹੀਂ ਹੋ ਸਕੀ ਹੈ।
ਸਪੇਨ ਵੱਲੋਂ ਨਿਕੋ ਵਿਲੀਅਮਜ਼ ਨੇ 47ਵੇਂ ਮਿੰਟ 'ਚ ਪਹਿਲਾ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ ਸੀ। ਇਸ ਤੋਂ ਬਾਅਦ ਕਾਫ਼ੀ ਦੇਰ ਤੱਕ ਦੋਵੇਂ ਟੀਮਾਂ ਗੋਲ ਲਈ ਜੱਦੋ-ਜਹਿਦ ਕਰਦੀਆਂ ਰਹੀਆਂ, ਪਰ ਗੋਲ ਨਾ ਕਰ ਸਕੀਆਂ।
ਇਸ ਤੋਂ ਬਾਅਦ ਇੰਗਲੈਂਡ ਦੇ ਧਾਕੜ ਕੋਲ ਪਾਲਮਰ ਨੇ 73ਵੇਂ ਮਿੰਟ 'ਚ ਸ਼ਾਨਦਾਰ ਗੋਲ ਕਰ ਕੇ ਟੀਮ ਨੂੰ 1-1 ਦੀ ਬਰਾਬਰੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਗੋਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਕਾਫ਼ੀ ਦੇਰ ਤੱਕ ਉਹ ਸਫ਼ਲ ਨਾ ਹੋ ਸਕੀਆਂ।
ਇਸ ਤੋਂ ਬਾਅਦ ਮੈਚ ਦੇ ਆਖ਼ਰੀ ਪਲਾਂ 'ਚ ਸਪੇਨ ਦੇ ਮਾਈਕਲ ਓਬਰਜ਼ਿਆਲ ਨੇ 86ਵੇਂ ਮਿੰਟ 'ਚ ਇਕ ਸ਼ਾਨਦਾਰ ਪਾਸ ਨੂੰ ਗੋਲ 'ਚ ਤਬਦੀਲ ਕਰ ਕੇ ਟੀਮ ਨੂੰ 2-1 ਦੀ ਜੇਤੂ ਬੜ੍ਹਤ ਦਿਵਾ ਦਿੱਤੀ ਜੋ ਅੰਤ ਤੱਕ ਬਣੀ ਰਹੀ ਤੇ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਇਸ ਖ਼ਿਤਾਬ 'ਤੇ ਕਬਜ਼ਾ ਕਰ ਲਿਆ।
ਇਹ ਸਪੇਨ ਦਾ ਪੰਜਵਾ ਯੂਰੋ ਕੱਪ ਫਾਈਨਲ ਰਿਹਾ, ਜਿਨ੍ਹਾਂ 'ਚੋਂ 4 'ਚ ਸਪੇਨ ਨੇ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਪੇਨ ਨੇ 1964, 2008 ਤੇ 2012 'ਚ ਇਸ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ, ਜਦਕਿ 1984 'ਚ ਉਨ੍ਹਾਂ ਨੂੰ ਫਰਾਂਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਜਰਮਨੀ ਤੇ ਸਪੇਨ ਦੋਵੇਂ 3-3 ਵਾਰ ਖ਼ਿਤਾਬ 'ਤੇ ਕਬਜ਼ਾ ਕਰ ਚੁੱਕੀਆਂ ਸਨ, ਪਰ ਹੁਣ ਸਪੇਨ ਨੇ 4 ਵਾਰ ਯੂਰੋ ਚੈਂਪੀਅਨ ਬਣ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਉੱਥੇ ਹੀ ਇੰਗਲੈਂਡ ਦਾ ਇਹ ਯੂਰੋ ਕੱਪ ਇਤਿਹਾਸ ਦਾ ਦੂਜਾ ਫਾਈਨਲ ਸੀ। ਇਸ ਤੋਂ ਪਹਿਲਾਂ ਸਾਲ 2020 'ਚ ਵੀ ਇੰਗਲੈਂਡ ਨੇ ਯੂਰੋ ਕੱਪ ਫਾਈਨਲ ਖੇਡਿਆ ਸੀ, ਪਰ ਉਨ੍ਹਾਂ ਨੂੰ ਇਟਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਸਾਲ ਵੀ ਇੰਗਲੈਂਡ ਨੂੰ ਸਪੇਨ ਹੱਥੋਂ 2-1 ਦੀ ਹਾਰ ਝੱਲਣੀ ਪਈ ਹੈ, ਜਿਸ ਕਾਰਨ ਟੀਮ ਦਾ ਪਹਿਲਾ ਯੂਰੋ ਕੱਪ ਖ਼ਿਤਾਬ ਜਿੱਤਣ ਦਾ ਸੁਫ਼ਨਾ ਇਕ ਵਾਰ ਫ਼ਿਰ ਟੁੱਟ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e