ਜਦੋ ਹਾਰ ਤੋਂ ਬਾਅਦ ਦੱ. ਅਫਰੀਕਾ ਦੀਆਂ ਮਹਿਲਾ ਖਿਡਾਰਨਾਂ ਲੱਗੀਆਂ ਰੋਣ
Friday, Mar 06, 2020 - 02:39 AM (IST)
ਨਵੀਂ ਦਿੱਲੀ— ਸਾਬਕਾ ਚੈਂਪੀਅਨ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ ਮੀਂਹ ਪ੍ਰਭਾਵਿਤ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ ਡਕਵਰਥ ਲੂਈਸ ਨਿਯਮ ਤਹਿਤ 5 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਉਸ ਦਾ ਮੁਕਾਬਲਾ 8 ਮਾਰਚ (ਐਤਵਾਰ) ਨੂੰ ਭਾਰਤ ਨਾਲ ਹੋਵੇਗਾ। ਆਸਟਰੇਲੀਆ ਨੇ 20 ਓਵਰਾਂ ਵਿਚ 5 ਵਿਕਟਾਂ 'ਤੇ 134 ਦੌੜਾਂ ਬਣਾਈਆਂ ਸਨ ਪਰ ਮੀਂਹ ਕਾਰਣ ਦੱਖਣੀ ਅਫਰੀਕਾ ਦੀ ਪਾਰੀ 'ਚ ਦੇਰੀ ਹੋ ਗਈ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਮੈਚ ਪੂਰਾ ਨਹੀਂ ਹੋ ਸਕੇਗਾ ਤੇ ਦੱਖਣੀ ਅਫਰੀਕਾ ਬਿਹਤਰ ਗਰੁੱਪ ਰਿਕਾਰਡ ਦੇ ਕਾਰਣ ਫਾਈਨਲ ਵਿਚ ਪਹੁੰਚ ਜਾਵੇਗਾ ਪਰ ਮੀਂਹ ਰੁਕ ਗਿਆ ਤੇ ਦੱਖਣੀ ਅਫਰੀਕਾ ਨੂੰ 13 ਓਵਰਾਂ ਵਿਚ 98 ਦੌੜਾਂ ਦਾ ਸੋਧਿਆ ਟੀਚਾ ਦਿੱਤਾ ਗਿਆ। ਦੱਖਣੀ ਅਫਰੀਕਾ ਦੀ ਟੀਮ 5 ਵਿਕਟਾਂ 'ਤੇ 92 ਦੌੜਾਂ ਹੀ ਬਣਾ ਸਕੀ ਤੇ ਉਸ ਨੂੰ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਰ ਤੋਂ ਬਾਅਦ ਦੱਖਣੀ ਅਫਰੀਕਾ ਖਿਡਾਰਨਾਂ ਲੱਗੀਆਂ ਰੋਣ
ਇਸ ਹਾਰ ਤੋਂ ਬਾਅਦ ਦੱਖਣੀ ਅਫਰੀਕਾ ਦੀਆਂ ਮਹਿਲਾ ਖਿਡਾਰਨਾਂ ਰੋਣ ਲੱਗ ਪਈਆਂ। ਸਾਰੀਆਂ ਖਿਡਾਰਨਾਂ ਇਸ ਹਾਰ ਤੋਂ ਬਹੁਤ ਨਿਰਾਸ਼ ਹੋਈਆਂ ਤੇ ਮੈਦਾਨ 'ਤੇ ਹੀ ਭਾਵੁਕ ਹੋਣ ਲੱਗੀਆਂ ਸਨ। ਹਾਲਾਂਕਿ ਸਪੋਰਟ ਸਟਾਫ ਨੇ ਖਿਡਾਰੀਆਂ ਨੂੰ ਦਿਲਾਸਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਜਦੋ 2015 ਦੇ ਵਨ ਡੇ ਵਿਸ਼ਵ ਕੱਪ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਬਾਹਰ ਹੋਈ ਸੀ ਤਾਂ ਉਸ ਸਮੇਂ ਵੀ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸੀ।