ਦੱਖਣੀ ਅਫਰੀਕਾ ਨੂੰ ਲੱਗਾ ਵੱਡਾ ਝੱਟਕਾ, ਜ਼ਖਮੀ ਮਾਰਕ੍ਰਮ ਰਾਂਚੀ ਟੈਸਟ ਤੋਂ ਬਾਹਰ
Thursday, Oct 17, 2019 - 05:12 PM (IST)

ਸਪੋਰਟਸ ਡੈਸਕ— ਭਾਰਤ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ 'ਚ 0-2 ਨਾਲ ਪਿੱਛੇ ਚੱਲ ਰਹੀ ਦੱਖਣੀ ਅਫਰੀਕਾ ਦੀ ਟੀਮ ਨੂੰ ਰਾਂਚੀ 'ਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਤੋ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਦੱ. ਅਫਰੀਕਾ ਦੇ ਸਲਾਮੀ ਬੱਲੇਬਾਜ਼ ਐਡਨ ਮਾਰਕ੍ਰਮ ਦੇ ਬਾਂਹ ਦੀ ਸੱਟ ਕਾਰਣ ਰਾਂਚੀ ਟੈਸਟ 'ਚੋਂ ਬਾਹਰ ਹੋ ਗਏ ਹਨ।
ਐਡਨ ਮਾਰਕ੍ਰਮ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਪੁਣੇ 'ਚ ਦੂਜੇ ਟੈਸਟ ਦੌਰਾਨ ਦੱਖਣੀ ਅਫਰੀਕਾ ਦੇ ਡ੍ਰੈਂਸਿੰਗ ਰੂਮ 'ਚ ਆਪਣਾ ਹੱਥ ਕਿਸੇ ਮਜ਼ਬੂਤ ਚੀਜ਼ 'ਚ ਮਾਰ ਦਿੱਤਾ ਸੀ, ਜਿਸ ਨਾਲ ਉਸਦੀ ਬਾਂਹ 'ਚ ਸੱਟ ਲੱਗ ਗਈ ਸੀ ਤੇ ਉਸ ਨੂੰ ਤੀਜੇ ਟੈਸਟ 'ਚੋਂ ਬਾਹਰ ਹੋਣਾ ਪਿਆ। ਮਾਰਕ੍ਰਮ ਦੀ ਜਗ੍ਹਾ ਲੈਣ ਲਈ ਕਿਸੇ ਖਿਡਾਰੀ ਨੂੰ ਨਹੀਂ ਬੁਲਾਇਆ ਗਿਆ ਹੈ।
ਦੱਖਣੀ ਅਫਰੀਕਾ ਦੇ ਟੀਮ ਡਾਕਟਰ ਹਰਸ਼ਿੰਦਰ ਰਾਮਜੀ ਨੇ ਦੱਸਿਆ ਕਿ ਮਾਰਕ੍ਰਮ ਹੁਣ ਆਪਣੇ ਵਤਨ ਪਰਤਣ ਤੋਂ ਬਾਅਦ ਮਾਹਿਰ ਡਾਕਟਰਾਂ ਤੋਂ ਸਲਾਹ ਲਵੇਗਾ। ਸਕੈਨ ਤੋਂ ਪਤਾ ਲੱਗਾ ਹੈ ਕਿ ਉਸਦੀ ਬਾਂਹ ਵਿਚ ਸੱਟ ਹੈ ਤੇ ਮੈਡੀਕਲ ਟੀਮ ਨੇ ਉਸ ਨੂੰ ਤੀਜੇ ਟੈਸਟ 'ਚੋਂ ਬਾਹਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਲੈਫਟ ਆਰਮ ਸਪਿਨਰ ਕੇਸ਼ਵ ਮਹਾਰਾਜ ਵੀ ਸੱਟ ਕਾਰਣ ਤੀਜੇ ਟੈਸਟ 'ਚੋਂ ਬਾਹਰ ਹੋ ਚੁੱਕਾ ਹੈ।