ਦੱਖਣੀ ਅਫਰੀਕਾ ਨੇ ਰੋਮਾਂਚਕ ਮੁਕਾਬਲੇ ’ਚ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ
Friday, Oct 10, 2025 - 12:09 AM (IST)

ਵਿਸਾਖਾਪਟਨਮ (ਭਾਸ਼ਾ)- ਨੇਦਿਨ ਡਿ ਕਲਰਕ ਦੇ ਤੂਫਾਨੀ ਅਰਧ-ਸੈਂਕੜੇ ਅਤੇ ਕਲੋ ਟ੍ਰਾਯੋਨ ਦੇ ਆਲਰਾਊਂਡਰ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੇ ਆਈ. ਸੀ. ਸੀ. ਮਹਿਲਾ ਵਨਡੇ ਵਰਲਡ ਕੱਪ ’ਚ ਅੱਜ ਭਾਰਤ ਨੂੰ ਇਥੇ 3 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੇ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਡਿ ਕਲਰਕ ਨੇ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ ਪਾਰੀ ਦੌਰਾਨ 54 ਗੇਂਦਾਂ ’ਚ 8 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 84 ਦੌੜਾਂ ਬਣਾਉਣ ਤੋਂ ਇਲਾਵਾ ਟ੍ਰਾਯੋਨ (49) ਨਾਲ 7ਵੀਂ ਵਿਕਟ ਲਈ 69 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ 48.5 ਓਵਰਾਂ ’ਚ 7 ਵਿਕਟਾਂ ’ਤੇ 252 ਦੌੜਾਂ ਦੇ ਸਕੋਰ ਤੱਕ ਪਹੁੰਚਾ ਕੇ ਿਜੱਤ ਦੁਆਈ। ਕਪਤਾਨ ਅਤੇ ਸਲਾਮੀ ਬੱਲੇਬਾਜ਼ ਲਾਰਾ ਵੋਲਵਾਰਟ ਨੇ ਵੀ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਸ ਤੋਂ ਪਹਿਲਾਂ ਖੱਬੇ ਹੱਥ ਦੀਆਂ ਸਪਿਨਰਾਂ ਟ੍ਰਾਯੋਨ (32 ਦੌੜਾਂ ’ਤੇ 3 ਵਿਕਟਾਂ) ਅਤੇ ਨੋਨਕੁਲੁਲੇਕਾ ਮਲਾਬਾ (46 ਦੌੜਾਂ ’ਤੇ 2 ਵਿਕਟਾਂ) ਨੇ ਵਿਚਕਾਰਲੇ ਓਵਰਾਂ ’ਚ ਭਾਰਤੀ ਬੱਲੇਬਾਜ਼ਾਂ ਦਾ ਸਿਕੰਜਾ ਕੱਸਦੇ ਹੋਏ ਸਕੋਰ 6 ਵਿਕਟਾਂ ’ਤੇ 102 ਦੌੜਾਂ ਕਰ ਦਿੱਤਾ ਪਰ ਰਿਚਾ ਘੋਸ਼ (94) ਅਤੇ ਸਨੇਹ ਰਾਣਾ (33 ਦੌੜਾਂ) ਨੇ 8ਵੀਂ ਵਿਕਟ ਲਈ 53 ਗੇਂਦਾਂ ’ਚ 88 ਦੌੜਾਂ ਦੀ ਤਾਬੜਤੋੜ ਸਾਂਝੇਦਾਰੀ ਕੀਤੀ, ਜਿਸ ਨਾਲ ਮੇਜ਼ਬਾਨ ਟੀਮ 251 ਦੌੜਾਂ ਤੱਕ ਪਹੁੰਚਣ ’ਚ ਸਫਲ ਰਹੀ। ਰਿਚਾ ਨੇ ਅਮਨਜੋਤ ਕੌਰ (13) ਨਾਲ ਵੀ 7ਵੀਂ ਵਿਕਟ ਲਈ 51 ਦੌੜਾਂ ਜੋੜੀਆਂ। ਮਾਰੀਜੇਨ ਕੈਪ ਅਤੇ ਨੇਦਿਨ ਡਿ ਕਲਰਕ ਨੇ ਵੀ 2-2 ਵਿਕਟਾਂ ਲਈਆਂ, ਜਿਸ ਨਾਲ ਭਾਰਤੀ ਟੀਮ 49.5 ਓਵਰ ’ਚ ਸਿਮਟ ਗਈ। ਭਾਰਤ ਨੇ ਆਖਰੀ 9 ਓਵਰਾਂ ’ਚ 97 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਦੀ ਕਪਤਾਨ ਵੋਲਵਾਰਟ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪ੍ਰਤਿਕਾ ਰਾਵਲ (37) ਅਤੇ ਸਮ੍ਰਿਤੀ ਮੰਧਾਨਾ (23) ਨੇ ਪਹਿਲੀ ਵਿਕਟ ਲਈ 55 ਦੌੜਾਂ ਦੀ ਚੰਗੀ ਸ਼ੁਰੂਆਤ ਦਿੱਤੀ। ਪ੍ਰਤਿਕਾ ਨੇ ਕੈਪ ਦੇ ਓਵਰ ’ਚ 2 ਚੌਕੇ ਮਾਰੇ ਅਤੇ ਖਾਕਾ ਨੂੰ ਵੀ ਚੌਕਾ ਜੜਿਆ। ਸਮ੍ਰਿਤੀ ਨੇ ਖਾਕਾ ਨੂੰ ਛੱਕਾ ਅਤੇ ਕਲਾਰਕ ਨੂੰ ਚੌਕਾ ਮਾਰਿਆ ਪਰ ਮਲਾਬਾ ਦੀ ਗੇਂਦ ’ਤੇ ਲੰਗ ਆਨ ’ਚ ਕੈਚ ਆਊਟ ਹੋ ਗਈ। ਹਰਲੀਨ ਦੇਓਲ (13) ਵੀ ਮਲਾਬਾ ਦੀ ਸਪਿਨ ਗੇਂਦ ’ਤੇ ਬੋਲਡ ਹੋ ਗਈ। ਪ੍ਰਤਿਕਾ ਨੂੰ ਵੀ ਤੁਮੀ ਸੇਖੁਖੁਨੇ ਨੇ 20ਵੇਂ ਓਵਰ ’ਚ ਆਉੂਟ ਕੀਤਾ।
ਜੈਮੀਮਾ ਰੌਡਰਿਗਜ਼ (0) ਅਤੇ ਕਪਤਾਨ ਹਰਮਨਪ੍ਰੀਤ ਕੌਰ (9) ਵੀ ਕਮਜ਼ੋਰ ਪ੍ਰਦਰਸ਼ਨ ਕਰ ਕੇ ਆਉੂਟ ਹੋ ਗਈਆਂ। ਅਮਨਜੋਤ ਅਤੇ ਰਿਚਾ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਰਿਚਾ ਨੇ 53 ਗੇਂਦਾਂ ’ਚ ਵਿਸ਼ਵ ਕੱਪ ’ਚ ਆਪਣਾ ਪਹਿਲਾ ਅਤੇ ਕਰੀਅਰ ਦਾ 7ਵਾਂ ਅਰਧ-ਸੈਂਕੜਾ ਪੂੁਰਾ ਕੀਤਾ। ਉਸ ਨੇ ਕੈਪ, ਖਾਕਾ ਅਤੇ ਡਿ ਕਲਾਰਕ ਨੂੰ ਚੌਕੇ-ਛੱਕੇ ਲਾ ਕੇ ਤੇਜ਼ੀ ਨਾਲ ਦੌੜਾਂ ਜੋੜੀਆਂ। ਆਖਰੀ ਓਵਰ ’ਚ ਡਿ ਕਲਾਰਕ ਨੇ ਰਿਚਾ (94) ਅਤੇ ਸ਼੍ਰੀ ਚਰਨੀ (0) ਨੂੰ ਲਗਾਤਾਰ 2 ਗੇਂਦਾਂ ’ਤੇ ਆਉੂਟ ਕਰ ਕੇ ਭਾਰਤ ਦੀ ਪਾਰੀ ਦਾ ਅੰਤ ਕਰ ਦਿੱਤਾ।