ਮਹਿਲਾ ਵਿਸ਼ਵ ਕੱਪ : ਦੱਖਣ ਅਫਰੀਕਾ ਵਿਰੁੱਧ ਭਾਰਤ ਨੂੰ ਟਾਪ ਆਰਡਰ ਦੇ ਬੱਲੇਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ

Wednesday, Oct 08, 2025 - 11:10 PM (IST)

ਮਹਿਲਾ ਵਿਸ਼ਵ ਕੱਪ : ਦੱਖਣ ਅਫਰੀਕਾ ਵਿਰੁੱਧ ਭਾਰਤ ਨੂੰ ਟਾਪ ਆਰਡਰ ਦੇ ਬੱਲੇਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ

ਵਿਸਾਖਾਪੱਟਨਮ (ਭਾਸ਼ਾ)- ਭਾਰਤ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ਨੂੰ ਆਤਮ-ਵਿਸ਼ਵਾਸ ਨਾਲ ਭਰਪੂਰ ਦੱਖਣ ਅਫਰੀਕਾ ਵਿਰੁੱਧ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਮੈਚ ’ਚ 9 ਅਕਤੂਬਰ ਵੀਰਵਾਰ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ, ਪਰ ਜੇਕਰ ਆਸਟ੍ਰੇਲੀਆ ਬੁੱਧਵਾਰ ਨੂੰ ਕੋਲੰਬੋ ’ਚ ਪਾਕਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਤੀਸਰੇ ਸਥਾਨ ’ਤੇ ਆ ਸਕਦਾ ਹੈ।

ਭਾਵੇਂ ਭਾਰਤ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਪਰ ਸਮ੍ਰਿਤੀ ਮੰਧਾਨਾ, ਕਪਤਾਨ ਹਰਮਨਪ੍ਰੀਤ ਕੌਰ ਅਤੇ ਜੇਮੀਮਾ ਰੌਡਰੀਗਜ਼ ਦੇ ਬੱਲੇ ਤੋਂ ਦੌੜਾਂ ਨਾ ਆਉਣੀਆਂ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਤਿੰਨੋਂ ਸ਼੍ਰੀਲੰਕਾ ਵਿਰੁੱਧ ਨਾਕਾਮ ਰਹੀਆਂ ਸਨ, ਜਿਸ ਤੋਂ ਬਾਅਦ ਹਰਲੀਨ ਦਿਓਲ, ਅਮਨਜੋਤ ਕੌਰ, ਰਿਚਾ ਘੋਸ਼ ਅਤੇ ਦੀਪਤੀ ਸ਼ਰਮਾ ਨੇ ਟੀਮ ਨੂੰ ਮੁਸ਼ਕਿਲ ਤੋਂ ਬਚਾਇਆ।

ਸ਼੍ਰੀਲੰਕਾ ਵਿਰੁੱਧ ਭਾਰਤ ਨੇ 124 ’ਤੇ 6 ਅਤੇ ਪਾਕਿਸਤਾਨ ਵਿਰੁੱਧ 159 ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਜੇਕਰ ਹੇਠਲੇ ਆਰਡਰ ਦੇ ਖਿਡਾਰੀ ਯੋਗਦਾਨ ਨਾ ਪਾਉਂਦੇ ਤਾਂ ਭਾਰਤ ਦੀ ਸਥਿਤੀ ਖ਼ਤਰਨਾਕ ਹੋ ਸਕਦੀ ਸੀ। ਦੱਖਣੀ ਅਫਰੀਕਾ ਵਿਰੁੱਧ ਇਸ ਤਰ੍ਹਾਂ ਦੀ ਗਲਤੀ ਨਹੀਂ ਚੱਲ ਸਕਦੀ ਅਤੇ ਟਾਪ ਆਰਡਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਏਗੀ।

ਜੇਕਰ ਨਤੀਜਾ ਭਾਰਤ ਦੇ ਹੱਕ ’ਚ ਨਹੀਂ ਜਾਂਦਾ ਤਾਂ ਸਿਰਫ਼ ਅੰਕ ਸੂਚੀ ਦੀ ਸਥਿਤੀ ਹੀ ਨਹੀਂ ਵਿਗੜੇਗੀ, ਸਗੋਂ 12 ਅਕਤੂਬਰ ਨੂੰ ਆਸਟ੍ਰੇਲੀਆ ਵਿਰੁੱਧ ਹੋਣ ਵਾਲੇ ਮੈਚ ਲਈ ਟੀਮ ’ਤੇ ਦਬਾਅ ਹੋਵੇਗਾ।

ਭਾਰਤੀ ਟੀਮ ਮੈਨੇਜਮੈਂਟ ਹਾਲਾਂਕਿ ਇਹ ਪਾਜ਼ੇਟਿਵ ਲਵੇਗੀ ਕਿ ਮੁੱਖ ਬੱਲੇਬਾਜ਼ ਨਾ ਚੱਲਣ ਦੇ ਬਾਵਜੂਦ ਟੀਮ ਜਿੱਤੀ, ਜੋ ਟੀਮ ਦੀ ਡੈਪਥ ਦਰਸ਼ਾਉਂਦੀ ਹੈ ਪਰ ਇਹ ਮੰਨਣਾ ਪਵੇਗਾ ਕਿ ਜੇਕਰ ਮੰਧਾਨਾ, ਹਰਮਨਪ੍ਰੀਤ ਅਤੇ ਜੇਮੀਮਾ ਅਫਰੀਕਾ ਜਾਂ ਆਸਟ੍ਰੇਲੀਆ ਵਿਰੁੱਧ ਫੇਲ ਰਹੇ ਤਾਂ ਇਹ ਫੈਸਲਾਕੰੁਨ ਹੋ ਸਕਦਾ ਹੈ।

ਦੂਜੇ ਪਾਸੇ ਗੇਂਦਬਾਜ਼ੀ ’ਚ ਟੀਮ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਇਹ ਵੀ ਦੇਖਣਾ ਹੋਵੇਗਾ ਕਿ ਏ. ਸੀ. ਏ.- ਵੀ. ਡੀ. ਸੀ. ਏ. ਸਟੇਡੀਅਮ ਦੀ ਪਿੱਚ ਗੁਹਾਟੀ ਜਾਂ ਕੋਲੰਬੋ ਵਾਂਗ ਨਹੀਂ ਹੈ। ਦੀਪਤੀ ਸ਼ਰਮਾ ਹੁਣ ਤੱਕ 6 ਵਿਕਟਾਂ ਲੈ ਚੁੱਕੀ ਹੈ ਅਤੇ ਉਸ ਨੂੰ ਸਨੇਹ ਰਾਣਾ ਅਤੇ ਸ਼੍ਰੀ ਚਰਨੀ ਵਰਗੇ ਸਾਥੀ ਸਪਿਨਰਾਂ ਤੋਂ ਚੰਗਾ ਸਹਿਯੋਗ ਮਿਲਿਆ ਹੈ। ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਵੀ ਪ੍ਰਭਾਵਸ਼ਾਲੀ ਰਹੀ ਹੈ।

ਬੀਮਾਰੀ ਕਾਰਨ ਪਾਕਿਸਤਾਨ ਵਿਰੁੱਧ ਮੈਚ ’ਚ ਸ਼ਾਮਲ ਨਾ ਹੋ ਸਕੀ ਤੇਜ਼ ਗੇਂਦਬਾਜ਼ ਅਮਨਜੋਤ ਕੌਰ ਦੀ ਫਿਟਨੈੱਸ ’ਤੇ ਵੀ ਨਜ਼ਰ ਰਹੇਗੀ। ਜੇਕਰ ਉਹ ਫਿਟ ਹੋ ਜਾਂਦੀ ਹੈ ਤਾਂ ਉਹ ਰੇਣੁਕਾ ਸਿੰਘ ਠਾਕੁਰ ਦੀ ਥਾਂ ਲੈ ਸਕਦੀ ਹੈ।

ਦੱਖਣੀ ਅਫਰੀਕਾ ਨੇ ਆਪਣੇ ਪਿਛਲੇ ਮੈਚ ’ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਵਾਪਸੀ ਕੀਤੀ ਸੀ। ਪਹਿਲੇ ਮੈਚ ’ਚ ਉਹ ਇੰਗਲੈਂਡ ਵਿਰੁੱਧ ਸਿਰਫ਼ 69 ਦੌੜਾਂ ’ਤੇ ਢੇਰ ਹੋ ਗਈ ਸੀ ਅਤੇ ਮੈਚ 10 ਵਿਕਟਾਂ ਨਾਲ ਹਾਰ ਗਈ ਸੀ।

ਤਜਮੀਨ ਬ੍ਰਿਟਜ਼ (ਜਿਸ ਨੇ ਸੈਂਚਰੀ ਮਾਰੀ), ਭਰੋਸੇਮੰਦ ਸੁਨੇ ਲੂਸ, ਕਪਤਾਨ ਲੌਰਾ ਵੋਲਵਾਰਟ, ਮਰੀਏਨੇ ਕਾਪ ਅਤੇ ਐਲੇਕੇ ਬੋਸ਼ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਗੇਂਦਬਾਜ਼ੀ ’ਚ ਨੋਂਕੂ ਐਮਲਾਬਾ, ਅਯਾਬੋਂਗਾ ਖਾਕਾ, ਕਾਪ, ਮਸਾਬਾਤਾ ਕਲਾਸ ਅਤੇ ਕਲੋ ਟ੍ਰਾਯਾਨ ’ਤੇ ਧਿਆਨ ਰਹੇਗਾ।

ਟੀਮਾਂ ਇਸ ਤਰ੍ਹਾਂ ਹਨ :

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਪ੍ਰਤਿਕਾ ਰਾਵਲ, ਹਰਲੀਨ ਦਿਓਲ, ਜੇਮੀਮਾ ਰੌਡਰੀਗਜ਼, ਰਿਚਾ ਘੋਸ਼, ਉਮਾ ਛੇਤਰੀ, ਰੇਣੁਕਾ ਸਿੰਘ ਠਾਕੁਰ, ਦੀਪਤੀ ਸ਼ਰਮਾ, ਸਨੇਹ ਰਾਣਾ, ਸ਼੍ਰੀ ਚਰਨੀ, ਰਾਧਾ ਯਾਦਵ, ਅਮਨਜੋਤ ਕੌਰ, ਅਰੁੰਧਤੀ ਰੈੱਡੀ ਅਤੇ ਕ੍ਰਾਂਤੀ ਗੌੜ।

ਦੱਖਣ ਅਫਰੀਕਾ: ਲੌਰਾ ਵੋਲਵਾਰਟ (ਕਪਤਾਨ), ਅਯਾਬੋਂਗਾ ਖਾਕਾ, ਕਲੋ ਟ੍ਰਾਯਾਨ, ਨਾਡੀਨ ਡੀ. ਕਲਾਰਕ, ਮਰੀਏਨੇ ਕਾਪ, ਤਜਮੀਨ ਬ੍ਰਿਟਜ਼, ਸਿਨਾਲੋ ਜਾਫਤਾ, ਨੋਂਕੁਲੁਲੇਕੋ ਐਮਲਾਬਾ, ਐਨੇਰੀ ਡਰਕਸਨ, ਐਨੇਕੇ ਬੋਸ਼, ਮਸਾਬਾਤਾ ਕਲਾਸ, ਸੁਨੇ ਲੂਸ, ਕਾਰਾਬੋ ਮੇਸੋ, ਤੁਮੀ ਸੇਖੁਖੁਨੇ, ਨੋਂਦੁਮਿਸੋ ਸ਼ਾਂਗਾਸੇ।


author

Hardeep Kumar

Content Editor

Related News