ਨੇਪਾਲ ਨੇ ਵੈਸਟਇੰਡੀਜ਼ ਨੂੰ ਫਿਰ ਹਰਾਇਆ, ਟੀ-20 ਸੀਰੀਜ਼ ਵੀ ਜਿੱਤੀ
Wednesday, Oct 01, 2025 - 12:39 PM (IST)

ਸ਼ਾਰਜਾਹ– ਇਕ ਵੱਡੇ ਉਲਟਫੇਰ ਵਿਚ ਨੇਪਾਲ ਨੇ ਵੈਸਟਇੰਡੀਜ਼ ਨੂੰ ਰਿਕਾਰਡ 90 ਦੌੜਾਂ ਨਾਲ ਹਰਾ ਕੇ ਇਕ ਮੈਚ ਬਾਕੀ ਰਹਿੰਦਿਆਂ ਟੀ-20 ਸੀਰੀਜ਼ ਜਿੱਤ ਲਈ। ਨੇਪਾਲ ਨੇ 2 ਵਾਰ ਦੀ ਚੈਂਪੀਅਨ ਟੀਮ ਨੂੰ ਸ਼ਨੀਵਾਰ ਨੂੰ 19 ਦੌੜਾਂ ਨਾਲ ਹਰਾਇਆ ਸੀ, ਜਿਹੜੀ ਆਈ. ਸੀ. ਸੀ. ਦੇ ਫੁੱਲ ਮੈਂਬਰ ਦੇਸ਼ ਵਿਰੁੱਧ ਉਸਦੀ ਪਹਿਲੀ ਜਿੱਤ ਸੀ।
ਦੂਜੇ ਮੈਚ ਵਿਚ ਨੇਪਾਲ ਨੇ 6 ਵਿਕਟਾਂ ’ਤੇ 173 ਦੌੜਾਂ ਬਣਾਈਆਂ, ਜਿਸ ਵਿਚ ਆਸਿਫ ਸ਼ੇਖ ਤੇ ਸੰਦੀਪ ਜੋਰਾ ਨੇ ਅਰਧ ਸੈਂਕੜੇ ਲਾਏ। ਸ਼ੇਖ ਨੇ 47 ਗੇਂਦਾਂ ਵਿਚ 68 ਦੌੜਾਂ ਬਣਾਈਆਂ ਜਦਕਿ ਜੋਰਾ ਨੇ 39 ਗੇਂਦਾਂ ਵਿਚ 63 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੈਰੇਬੀਆਈ ਟੀਮ ਨੂੰ 17.1 ਓਵਰਾਂ ਵਿਚ 83 ਦੌੜਾਂ ’ਤੇ ਆਊਟ ਕਰ ਦਿੱਤਾ।
ਤੇਜ਼ ਗੇਂਦਬਾਜ਼ ਮੁਹੰਮਦ ਆਦਿਲ ਆਲਮ ਨੇ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਵੈਸਟਇੰਡੀਜ਼ ਦੀ ਦੂਜੇ ਦਰਜੇ ਦੀ ਟੀਮ ਵਿਚ 19 ਸਾਲਾ ਲੈੱਗ ਸਪਿੰਨਰ ਜੀਸ਼ਾਨ ਮੋਟਾਰਾ ਨੂੰ ਉਤਾਰਿਆ ਗਿਆ ਜਿਹੜਾ ਲੜੀ ਵਿਚ ਡੈਬਿਊ ਕਰਨ ਵਾਲਾ ਉਸਦਾ 5ਵਾਂ ਖਿਡਾਰੀ ਸੀ।
ਵੈਸਟਇੰਡੀਜ਼ ਦਾ 83 ਦੌੜਾਂ ਦਾ ਸਕੋਰ ਟੀ-20 ਵਿਚ ਕਿਸੇ ਐਸੋਸੀਏਟ ਟੀਮ ਵਿਰੁੱਧ ਫੁੱਲਟਾਈਮ ਮੈਂਬਰ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਉੱਥੇ ਹੀ, 90 ਦੌੜਾਂ ਨਾਲ ਜਿੱਤ ਕਿਸੇ ਐਸੋਸੀਏਟ ਟੀਮ ਦੀ ਫੁੱਲਟਾਈਮ ਮੈਂਬਰ ਟੀਮ ਵਿਰੁੱਧ ਟੀ-20 ਵਿਚ ਸਭ ਤੋਂ ਵੱਡੀ ਜਿੱਤ ਹੈ।