ਕਾਊਂਟੀ ’ਚ ਰਾਹੁਲ ਚਾਹਰ ਦਾ ਜਲਵਾ, ਇਕ ਹੀ ਪਾਰੀ ’ਚ ਲਈਆਂ 7 ਵਿਕਟਾਂ

Sunday, Sep 28, 2025 - 12:28 AM (IST)

ਕਾਊਂਟੀ ’ਚ ਰਾਹੁਲ ਚਾਹਰ ਦਾ ਜਲਵਾ, ਇਕ ਹੀ ਪਾਰੀ ’ਚ ਲਈਆਂ 7 ਵਿਕਟਾਂ

ਲੰਡਨ –ਹੈਂਪਸ਼ਾਇਰ ਕਾਊਂਟੀ ਚੈਂਪੀਅਨਸ਼ਿਪ ਦੇ ਡਵੀਜ਼ਨ-1 ਦੇ ਬਾਹਰ ਹੋਣ ਦੇ ਕੰਢੇ ’ਤੇ ਪਹੁੰਚ ਗਈ ਹੈ। ਯੂਟਿਲਿਟਾ ਬਾਓਲ ਵਿਚ ਸਰੇ ਦੇ ਲੈੱਗ ਸਪਿੰਨਰ ਰਾਹੁਲ ਚਾਹਰ ਦੀ ਫਿਰਕੀ ਨੇ ਹੈਂਪਸ਼ਾਇਰ ਨੂੰ ਇਕ ਅਜਿਹੀ ਸਥਿਤੀ ਵਿਚ ਲਿਆ ਦਿੱਤਾ, ਜਿੱਥੇ ਹੋਣ ਦੀ ਉਮੀਦ ਉਹ ਕਦੇ ਨਹੀਂ ਕਰੇਗੀ। ਭਾਰਤ ਦੇ ਕੌਮਾਂਤਰੀ ਖਿਡਾਰੀ ਚਾਹਰ ਨੇ ਸਪਿੰਨ ਲੈਂਦੀ ਪਿੱਚ ਦਾ ਪੂਰਾ ਫਾਇਦਾ ਚੁੱਕਦੇ ਹੋਏ 45 ਦੌੜਾਂ ਦੇ ਕੇ 7 ਵਿਕਟਾਂ ਲਈਆਂ ਤੇ ਹੈਂਪਸ਼ਾਇਰ ਦੀ ਪਾਰੀ ਨੂੰ 60/0 ਤੋਂ 148/9 ’ਤੇ ਪਹੁੰਚਾ ਦਿੱਤਾ।

ਇਹ ਚਾਹਰ ਦੀ ਪਹਿਲੀ ਕਾਊਂਟੀ ਚੈਂਪੀਅਨਸ਼ਿਪ ਹੈ। ਦੱਖਣੀ ਤਟ ਦੀ ਇਹ ਟੀਮ ਡਵੀਜ਼ਨ ਵਨ ਵਿਚ ਬਣੇ ਰਹਿਣ ਲਈ ਹਾਰ ਤੋਂ ਬਚਣਾ ਚਾਹੁੰਦੀ ਹੈ ਪਰ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 148/9 ਤੱਕ ਹੀ ਪਹੁੰਚ ਸਕੀ ਹੈ। ਖਰਾਬ ਰੌਸ਼ਨੀ ਕਾਰਨ ਖੇਡ 4.45 ਵਜੇ ਰੋਕਣੀ ਪਈ। ਹੈਂਪਸ਼ਾਇਰ ਨੂੰ ਅਜੇ ਵੀ 33 ਦੌੜਾਂ ਦੀ ਲੋੜ ਹੈ।

ਅੰਕੜਿਆਂ ਦੇ ਮੁਤਾਬਕ ਉਸਦੇ ਜਿੱਤਣ ਦੀ ਸੰਭਾਵਨਾ ਸਿਰਫ 14 ਫੀਸਦੀ ਰਹਿ ਗਈ ਹੈ। ਸਰੇ ਨੇ ਜਦੋਂ ਦਿਨ ਦੀ ਸ਼ੁਰੂਆਤ ਕੀਤੀ ਸੀ ਤਦ ਉਸਦੀਆਂ 4 ਵਿਕਟਾਂ ਬਾਕੀ ਸਨ ਪਰ ਹੈਂਪਸ਼ਾਇਰ ਨੇ ਸਵੇਰ ਦੀ ਗੇਂਦਬਾਜ਼ੀ ਵਿਚ ਸੁਸਤੀ ਦਿਖਾਈ। ਉਸਦੇ ਗੇਂਦਬਾਜ਼ਾਂ ਨੇ 23 ਓਵਰਾਂ ਵਿਚ 55 ਦੌੜਾਂ ਦਿੱਤੀਆਂ ਤੇ ਆਖਰੀ 4 ਵਿਕਟਾਂ ਕੱਢੀਆਂ। ਹੈਂਪਸ਼ਾਇਰ ਇਕ ਗੇਂਦਬਾਜ਼ ਘੱਟ ਲੈ ਕੇ ਉਤਰੀ ਸੀ ਕਿਉਂਕਿ ਵਾਸ਼ਿੰਗਟਨ ਸੁੰਦਰ ਨੂੰ ਪਿਛਲੀ ਸ਼ਾਮ ਹੱਥ ਵਿਚ ਸੱਟ ਲੱਗੀ ਸੀ।

181 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਥੋੜ੍ਹਾ ਮੁਸ਼ਕਿਲ ਵੀ ਸੀ। ਇਸ ਸੀਜ਼ਨ ਵਿਚ ਯੂਟਿਲਿਟਾ ਬਾਓਲ ’ਤੇ ਸਭ ਤੋਂ ਵੱਡਾ ਸਫਲ ਪਿੱਛਾ 148 ਦੌੜਾਂ ਦਾ ਹੀ ਸੀ ਜਿਹੜਾ ਉਸ ਨੇ ਯਾਰਕਸ਼ਾਇਰ ਵਿਰੁੱਧ ਕੀਤਾ ਸੀ।

ਲੰਚ ਤੋਂ ਪਹਿਲਾਂ ਇਕ ਮੁਸ਼ਕਿਲ ਓਵਰ ਵੀ ਲੰਘਿਆ, ਜਿਸ ਵਿਚ ਦੋ ਗੇਂਦਾਂ ਫਿਸ਼ਰ ਆਰ ਦੇ ਬੈਟ ਦੇ ਬਹੁਤ ਨੇੜਿਓਂ ਲੰਘੀਆਂ, ਜਿਸ ਨਾਲ ਲੱਗਾ ਕਿ ਉਹ ਕੈਚ ਆਊਟ ਹੋ ਗਿਆ ਪਰ ਅੰਪਾਇਰ ਨੇ ਉਸ ਅਪੀਲ ਨੂੰ ਨਕਾਰ ਦਿੱਤਾ। ਪਹਿਲੇ 12 ਓਵਰਾਂ ਵਿਚ ਹੀ 50 ਦੌੜਾਂ ਬਣ ਗਈਆਂ ਸਨ ਪਰ ਫਿਰ ਵਿਕਟਾਂ ਡਿੱਗਣ ਲੱਗੀਆਂ। ਗੇਂਦ ਤੇਜ਼ੀ ਨਾਲ ਟਰਨ ਹੋਣ ਲੱਗੀ, ਜਿਹੜੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਸੀ। ਇਕ ਸਮੇਂ 61 ਦੌੜਾਂ ’ਤੇ ਕੋਈ ਵਿਕਟ ਨਹੀਂ ਗਵਾਉਣ ਵਾਲੀ ਹੈਂਪਸ਼ਾਇਰ ਦੀ ਟੀਮ ਨੇ ਅਗਲੇ 59 ਦੌੜਾਂ ਬਣਾਉਣ ਵਿਚ 9 ਵਿਕਟਾਂ ਗਵਾ ਦਿੱਤੀਆਂ। ਇਸ ਦੌਰਾਨ ਡੈਨ ਲੌਰੈਂਸ ਤੇ ਚਾਹਰ ਨੇ ਘਾਤਕ ਗੇਂਦਬਾਜ਼ੀ ਕੀਤੀ।
 


author

Hardeep Kumar

Content Editor

Related News