ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ
Monday, Jul 12, 2021 - 08:29 PM (IST)
ਦੁਬਈ- ਇੰਗਲੈਂਡ ਦੀ ਸਪਿਨਰ ਸੋਫੀ ਇਕਲੇਸਟੋਨ ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੇਫਾਲੀ ਵਰਮਾ ਅਤੇ ਆਲਰਾਊਂਡਰ ਸਨੇਹ ਰਾਣਾ ਨੂੰ ਪਿੱਛੇ ਛੱਡ ਕੇ ਜੂਨ ਮਹੀਨੇ ਦੇ ਲਈ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰਨ ਚੁਣੀ ਗਈ ਜਦਕਿ ਪੁਰਸ਼ ਵਰਗ ਵਿਚ ਇਹ ਪੁਰਸਕਾਰ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਨੂੰ ਦਿੱਤਾ ਗਿਆ।
ਖੱਬੇ ਹੱਥ ਦੀ ਸਪਿਨਰ ਸੋਫੀ ਇਹ ਪੁਰਸਕਾਰ ਹਾਸਲ ਕਰਨ ਵਾਲੀ ਇੰਗਲੈਂਡ ਦੀ ਦੂਜੀ ਮਹਿਲਾ ਖਿਡਾਰਨ ਹੈ। ਸੋਫੀ ਤੋਂ ਪਹਿਲਾਂ ਫਰਵਰੀ ਵਿਚ ਟੈਮੀ ਬਯੂਮੋਂਟ ਨੂੰ ਇਹ ਪੁਰਸਕਾਰ ਮਿਲਿਆ ਸੀ। ਸੋਫੀ ਭਾਰਤ ਦੇ ਵਿਰੁੱਧ ਬ੍ਰਿਸਟਲ ਵਿਚ ਇਕਲੌਤੇ ਟੈਸਟ ਮੈਚ ਵਿਚ ਸਭ ਤੋਂ ਸਫਲ ਗੇਂਦਬਾਜ਼ ਰਹੀ ਸੀ। ਇਸ ਮੈਚ ਵਿਚ ਉਨ੍ਹਾਂ ਨੇ 8 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਇਸ ਤੋਂ ਬਾਅਦ 2 ਵਨ ਡੇ 'ਚ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਆਈ. ਸੀ. ਸੀ. ਦੇ ਬਿਆਨ ਅਨੁਸਾਰ ਸੋਫੀ ਇਕਲੇਸਟੋਨ ਨੇ ਕਿਹਾ ਕਿ ਪੁਰਸਕਾਰ ਜਿੱਤ ਕੇ ਅਸਲ ਵਿਚ ਵਧੀਆ ਲੱਗ ਰਿਹਾ ਹੈ। ਇਸ ਦੌਰੇ ਵਿਚ ਅਸੀਂ ਤਿੰਨ ਸਵਰੂਪਾਂ 'ਚ ਖੇਡੇ ਸੀ ਤੇ ਇਹ ਬਹੁਤ ਵਧੀਆ ਅਹਿਸਾਸ ਹੈ ਕਿ ਟੈਸਟ ਅਤੇ ਸੀਮਿਤ ਓਵਰਾਂ ਦੀ ਸੀਰੀਜ਼ ਵਿਚ ਮੇਰੇ ਪ੍ਰਦਰਸ਼ਨ ਨੂੰ ਸਨਮਾਨ ਮਿਲਿਆ।
ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ
ਸ਼ੇਫਾਲੀ ਵੀ ਇਸ ਪੁਰਸਕਾਰ ਦੀ ਦੌੜ ਵਿਚ ਸੀ। ਉਨ੍ਹਾਂ ਨੇ ਆਪਣੇ ਟੈਸਟ ਡੈਬਿਊ 'ਤੇ 96 ਅਤੇ 63 ਦੌੜਾਂ ਦੀ ਪਾਰੀ ਖੇਡੀ ਅਤੇ ਫਿਰ 2 ਵਨ ਡੇ ਵਿਚ ਵੀ ਵਧੀਆ ਯੋਗਦਾਨ ਦਿੱਤਾ। ਰਾਣਾ ਨੇ ਟੈਸਟ ਦੀ ਦੂਜੀ ਪਾਰੀ ਵਿਚ ਅਜੇਤੂ 80 ਦੌੜਾਂ ਬਣਾ ਕੇ ਭਾਰਤ ਦੀ ਹਾਰ ਟਾਲੀ ਸੀ। ਉਨ੍ਹਾਂ ਨੇ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਪੁਰਸ਼ ਕ੍ਰਿਕਟ 'ਚ ਕਾਨਵੇ ਇਹ ਪੁਰਸਕਾਰ ਹਾਸਲ ਕਰਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਖਿਡਾਰੀ ਬਣੇ। ਇਸ ਬੱਲੇਬਾਜ਼ ਨੇ ਇੰਗਲੈਂਡ ਦੇ ਵਿਰੁੱਧ ਲਾਰਡਸ ਵਿਚ ਡੈਬਿਊ ਮੈਚ ਵਿਚ ਦੋਹਰਾ ਸੈਂਕੜਾ ਲਗਾਇਆ ਅਤੇ ਫਿਰ ਅਗਲੇ 2 ਮੈਚਾਂ ਵਿਚ ਦੋ ਅਰਧ ਸੈਂਕੜੇ ਲਗਾਏ। ਇਨ੍ਹਾਂ 'ਚ ਭਾਰਤ ਦੇ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਸ਼ਾਮਲ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।