ਸੋਹਾਣਾ ਦੀ ਟੀਮ ਨੇ ਜੋਧਾਂ ਨੂੰ ਹਰਾ ਕੇ ਜਿੱਤਿਆ ਮਨੌਲੀ ਕਬੱਡੀ ਕੱਪ

12/19/2017 3:13:07 AM

ਮੋਹਾਲੀ (ਨਿਆਮੀਆਂ)- ਜ਼ਿਲੇ ਦੇ ਪਿੰਡ ਮਨੌਲੀ ਵਿਖੇ ਬਾਬਾ ਕ੍ਰਿਪਾ ਨਾਥ ਖੇਡ ਕਲੱਬ ਵਲੋਂ ਕਰਵਾਇਆ ਗਿਆ 16ਵਾਂ ਸਾਲਾਨਾ ਕਬੱਡੀ ਕੱਪ ਸੋਹਾਣਾ ਦੀ ਟੀਮ ਨੇ ਜੋਧਾਂ ਨੂੰ ਸਖਤ ਮੁਕਾਬਲੇ ਵਿਚ ਹਰਾ ਕੇ ਜਿੱਤਿਆ। ਰਾਤ ਨੂੰ 10 ਵਜੇ ਤਕ ਚੱਲੇ ਫਾਈਨਲ ਮੁਕਾਬਲੇ ਵਿਚ ਸੋਹਾਣਾ ਨੇ ਜੋਧਾਂ ਦੀ ਟੀਮ ਨੂੰ 24 ਦੇ ਮੁਕਾਬਲੇ 17 ਦੇ ਫਰਕ ਨਾਲ ਪਛਾੜਦਿਆਂ 71 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਉਪ ਜੇਤੂ ਰਹੀ ਜੋਧਾਂ ਦੀ ਟੀਮ ਨੂੰ 51 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ। ਟੂਰਨਾਮੈਂਟ ਵਿਚ ਸੋਹਾਣਾ ਦੀ ਟੀਮ ਵਿਚ ਖੇਡ ਰਹੇ ਕੌਮਾਂਤਰੀ ਕਬੱਡੀ ਖਿਡਾਰੀ ਸੁਲਤਾਨ ਸਮਸ਼ਪੁਰੀਆ ਨੂੰ ਬਿਹਤਰੀਨ ਧਾਵੀ ਅਤੇ ਇਸੇ ਟੀਮ ਵਿਚ ਖੇਡ ਰਹੇ ਕੌਮਾਂਤਰੀ ਧਾਵੀ ਸੰਦੀਪ ਨੰਗਲ ਅੰਬੀਆਂ ਨੂੰ ਬਿਹਤਰੀਨ ਜਾਫੀ ਐਲਾਨਿਆ ਗਿਆ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ।
ਆਖਰੀ ਦਿਨ ਦੇ ਮੁਕਾਬਲਿਆਂ ਵਿਚ ਅਕਾਲੀ ਦਲ ਦੇ ਸੰਸਦ ਮੈਂਬਰ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਅਕਾਲੀ ਆਗੂ ਤੇਜਿੰਦਰਪਾਲ ਸਿੰਘ ਸਿੱਧੂ, ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਜ਼ਿਲਾ ਅਕਾਲੀ ਜਥੇ ਦੇ ਪ੍ਰਧਾਨ ਬਲਜੀਤ ਸਿੰਘ ਕੁੰਭੜਾ, ਪਾਲ ਸਿੰਘ ਮਨੌਲੀ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਖੇਡਾਂ ਦਾ ਉਦਘਾਟਨ ਜ਼ਿਲਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਬਾਕਰਪੁਰ ਨੇ ਕੀਤਾ। ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ ਆਰਥਿਕ ਸਹਾਇਤਾ ਭੇਟ ਕੀਤੀ। ਟੂਰਨਾਮੈਂਟ ਦੌਰਾਨ ਸੁਰਜੀਤ ਕਕਰਾਲੀ ਤੇ ਸੰਧੂ ਭਰਾਵਾਂ ਨੇ ਸਾਹਿਤਕ ਕੁਮੈਂਟਰੀ ਨਾਲ ਖੂਬ ਰੰਗ ਬੰਨ੍ਹਿਆ। ਕਲੱਬ ਦੇ ਪ੍ਰਧਾਨ ਜ਼ੋਰਾ ਸਿੰਘ ਬੈਦਵਾਣ, ਚੇਅਰਮੈਨ ਸਵਰਨ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਨੱਤ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਖਜ਼ਾਨਚੀ ਸਰਬਜੀਤ ਸਿੰਘ, ਨਿਰਭੈ ਸਿੰਘ, ਕੁਲਵੀਰ ਸਿੰਘ, ਹਰਿੰਦਰ ਹਰ, ਜਸਵਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਹੋਏ ਕਬੱਡੀ ਮੁਕਾਬਲਿਆਂ ਵਿਚ 65 ਕਿਲੋ ਦੀਆਂ 24 ਟੀਮਾਂ ਨੇ ਸ਼ਿਰਕਤ ਕੀਤੀ। ਪਿੰਡ ਝਾੜੂ ਦੀ ਟੀਮ ਨੇ 8100 ਰੁਪਏ ਦਾ ਪਹਿਲਾ ਅਤੇ ਪਿੰਡ ਮੜੌਲੀ ਦੀ ਟੀਮ ਨੇ 7100 ਦਾ ਦੂਜਾ ਇਨਾਮ ਹਾਸਲ ਕੀਤਾ।
85 ਕਿਲੋ ਵਰਗ ਭਾਰ ਵਿਚ ਢੋਡੇਮਾਜਰਾ ਦੀ ਟੀਮ ਨੇ ਪਿੰਡ ਮਨੌਲੀ ਦੀ ਟੀਮ ਨੂੰ ਹਰਾਇਆ। ਇਕ ਪਿੰਡ ਓਪਨ ਦੀਆਂ 22 ਟੀਮਾਂ ਪੁੱਜੀਆਂ। ਸਾਰੀਆਂ ਟੀਮਾਂ ਦੇ ਬਹੁਤ ਹੀ ਫਸਵੇਂ ਮੁਕਾਬਲੇ ਹੋਏ। ਕਲੱਬ ਦੇ ਪ੍ਰਧਾਨ ਜ਼ੋਰਾ ਸਿੰਘ ਬੈਦਵਾਣ ਦੀ ਅਗਵਾਈ ਹੇਠ ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਜੇਤੂ ਟੀਮਾਂ, ਮਹਿਮਾਨਾਂ, ਰੈਫਰੀਆਂ, ਕੋਚਾਂ, ਪ੍ਰਮੁੱਖ ਸ਼ਖਸੀਅਤਾਂ ਤੇ ਤਿੰਨ ਦਿਨ ਚੱਲੇ ਟੂਰਨਾਮੈਂਟ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਵਾਲੰਟੀਅਰਾਂ ਅਤੇ ਕਲੱਬ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਅਗਲੇ ਵਰ੍ਹਿਆਂ ਦੌਰਾਨ ਵੀ ਖੇਡ ਮੇਲਾ ਜਾਰੀ ਰੱਖਣ ਦਾ ਐਲਾਨ ਕੀਤਾ।
ਇਸ ਟੂਰਨਾਮੈਂਟ ਦੀ ਖਾਸੀਅਤ ਇਹ ਰਹੀ ਕਿ ਇਸ ਵਿਚ ਵੱਖੋ-ਵੱਖ ਟੀਮਾਂ ਵਲੋਂ ਦਰਜਨ ਤੋਂ ਵੱਧ ਕੌਮਾਂਤਰੀ ਕਬੱਡੀ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ, ਜਿਸ ਕਰਕੇ ਟੂਰਨਾਮੈਂਟ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਪਹੁੰਚੇ। ਇਨ੍ਹਾਂ ਦਰਸ਼ਕਾਂ ਨੇ ਇਕ ਵਾਰੀ ਤਾਂ ਪ੍ਰਬੰਧਕਾਂ ਵਲੋਂ ਕੀਤੇ ਗਏ ਸਾਰੇ ਹੀ ਪ੍ਰਬੰਧ ਛੋਟੇ ਪਾ ਦਿੱਤੇ। ਬੁਲੇਟ ਮੋਟਰਸਾਈਕਲ ਜਿੱਤਣ ਵਾਲੇ ਖਿਡਾਰੀਆਂ ਤੋਂ ਇਲਾਵਾ ਪੰਮਾ ਸੋਹਾਣਾ, ਸੰਦੀਪ ਲੱਧੜ, ਕਾਕਾ ਘਣੀਵਾਲ, ਰਾਜੂ ਭੜੀ, ਗਗਨ ਜੋਗੇਵਾਲ, ਮਨੀ ਧਨੌਰੀ, ਮਨਿੰਦਰ ਕਿਸ਼ਨਪੁਰਾ ਆਦਿ ਖਿਡਾਰੀਆਂ ਦੀਆਂ ਰੇਡਾਂ ਅਤੇ ਪਕੜਾਂ ਉੱਤੇ ਪੈਸੇ ਮੀਂਹ ਵਾਂਗ ਵਰ੍ਹੇ। ਇਹ ਟੂਰਨਾਮੈਂਟ ਆਪਣੀ ਸਫਲਤਾ ਦੀ ਇਬਾਰਤ ਦਰਸ਼ਕਾਂ ਦੇ ਮਨਾਂ 'ਤੇ ਸਾਫ ਲਿਖ ਗਿਆ ਤੇ ਆਉਂਦੇ ਸਾਲਾਂ ਦੌਰਾਨ ਵੀ ਇਹ ਖੇਡ ਮੇਲਾ ਯਾਦ ਰੱਖਿਆ ਜਾਵੇਗਾ।


Related News