ਸਾਫਟ ਸਿਗਨਲ ਨਿਯਮ ’ਚ ਸੋਧ ’ਤੇ ਵਿਚਾਰ ਕਰ ਰਿਹੈ ਆਈ.ਸੀ.ਸੀ.
Friday, Mar 26, 2021 - 04:45 PM (IST)
ਦੁਬਈ (ਵਾਰਤਾ) : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਅੰਤਰਰਾਸ਼ਟਰੀ ਕ੍ਰਿਕਟ ਵਿਚ ਸਾਫਟ ਸਿਗਨਲ ਦੇ ਨਿਯਮ ਵਿਚ ਸੋਧ ’ਤੇ ਵਿਚਾਰ ਕਰ ਰਿਹਾ ਹੈ। ਹਾਲ ਹੀ ਵਿਚ ਫੀਲਡ ਅੰਪਾਇਰਾਂ ਦੇ ਸਾਫਟ ਸਿਗਨਲ ਨੂੰ ਲੈ ਕੇ ਕਾਫ਼ੀ ਵਿਵਾਦ ਸਾਹਮਣੇ ਆਉਣ ਦੇ ਬਾਅਦ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਆਈ.ਸੀ.ਸੀ. ਇਸ ਨਿਯਮ ਵਿਚ ਬਦਲਾਅ ਕਰ ਸਕਦਾ ਹੈ। ਇਸ ਸਮੇਂ ਚੱਲ ਰਹੀਆਂ ਖ਼ਬਰਾਂ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜਯ ਸ਼ਾਹ ਨੇ ਵੀਰਵਾਰ ਨੂੰ ਵਰਚੁਅਲ ਰੂਪ ਨਾਲ ਹੋਈ ਆਈ.ਸੀ.ਸੀ. ਬੋਰਡ ਦੀ ਬੈਠਕ ਵਿਚ ਇਸ ਮੁੱਦੇ ਨੂੰ ਸਭ ਦੇ ਸਾਹਮਣੈ ਚੁੱਕਿਆ ਅਤੇ ਉਨ੍ਹਾਂ ਨੂੰ ਬਾਕੀ ਮੈਂਬਰਾਂ ਦਾ ਵੀ ਸਾਥ ਮਿਲਿਆ, ਜੋ ਇਸ ਗੱਲ ਤੋਂ ਸਹਿਮਤ ਸਨ ਕਿ ਫੀਲਡ ਅੰਪਾਇਰ ਦੇ ਸਾਫਟ ਸਿਗਨਲ ਆਊਣ ਦੇਣ ਦੇ ਨਿਯਮ ਵਿਚ ਬਦਲਾਅ ਦੀ ਜ਼ਰੂਰਤ ਹੈ।
ਦਰਅਸਲ ਹਾਲ ਹੀ ਵਿਚ ਭਾਰਤ ਅਤੇ ਇੰਗਲੈਂਡ ਵਿਚਾਲੇ ਅਹਿਮਦਾਬਾਦ ਵਿਚ ਹੋਏ ਚੌਥੇ ਟੀ-20 ਮੁਕਾਬਲੇ ਦੌਰਾਨ ਅੰਪਾਇਰ ਦੇ ਸਾਫਟ ਸਿਗਨਲ ਦੀ ਵਜ੍ਹਾ ਨਾਲ ਕਾਫ਼ੀ ਵਿਵਾਦ ਦੇਖਣ ਨੂੰ ਮਿਲਿਆ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸੈਮ ਕਰਨ ਦੀ ਗੇਂਦ ’ਤੇ ਡੈਵਿਡ ਮਲਾਨ ਨੇ ਫਾਈਨ ਲੈਗ ’ਤੇ ਸੁਰਿਆ ਕੁਮਾਰ ਦਾ ਕੈਚ ਫੜਿਆ ਸੀ ਪਰ ਗੇਂਦ ਜ਼ਮੀਨ ਨੂੰ ਛੂੰਹਦੀ ਹੋਈ ਨਜ਼ਰ ਆ ਰਹੀ ਸੀ ਅਤੇ ਫੀਲਡ ਅੰਪਾਇਰ ਨੇ ਮਾਮਲੇ ਨੂੰ ਤੀਜੇ ਅੰਪਾਇਰ ਕੋਲ ਭੇਜਣ ਤੋਂ ਪਹਿਲਾਂ ਸਾਫਟ ਸਿਗਨਲ ਦੇ ਰੂਪ ਵਿਚ ਆਊਟ ਕਰਾਰ ਦੇ ਦਿੱਤਾ। ਇਸ ਦੇ ਬਾਅਦ ਤੀਜੇ ਅੰਪਾਇਰ ਨੇ ਨਾਟਆਊਟ ਦਾ ਪੁਖ਼ਤਾ ਸਬੂਤ ਨਾ ਮਿਲਣ ’ਤੇ ਸੂਰਿਆ ਕੁਮਾਰ ਨੂੰ ਫੀਲਡ ਅੰਪਾਇਰ ਦੇ ਫ਼ੈਸਲੇ ਦੇ ਮੁਤਾਬਕ ਆਊਟ ਦੇ ਦਿੱਤਾ ਸੀ।