ਭਾਰਤੀਆਂ ਦੇ ਬਾਊਂਸਰ ਝੱਲਣ 'ਚ ਸਮਰਥ ਹੈ ਸਮਿਥ : ਮੈਕਡੋਨਾਲਡ
Sunday, Nov 22, 2020 - 09:18 PM (IST)
ਸਿਡਨੀ– ਆਸਟਰੇਲੀਆ ਦੇ ਸਹਾਇਕ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਐਤਵਾਰ ਨੂੰ ਕਿਹਾ ਕਿ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਬਾਊਂਸਰਾਂ ਤੇ ਸ਼ਾਰਟ ਪਿੱਚ ਗੇਂਦਾਂ ਨੂੰ ਝੱਲਣ ਲਈ ਖੁਦ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਹੈ। ਭਾਰਤ ਤੇ ਆਸਟਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ 17 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਤੇ ਟੀਮ ਇੰਡੀਆ ਕੋਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਦੇ ਰੂਪ ਵਿਚ ਅਜਿਹੀ ਪੇਸ ਬੈਟਰੀ ਹੈ, ਜਿਹੜੀ ਲਗਾਤਾਰ 140-145 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਕੇ ਵਿਰੋਧੀ ਬੱਲੇਬਾਜ਼ਾਂ ਦੀ ਸਖਤ ਪ੍ਰੀਖਿਆ ਲਵੇਗੀ।
ਸਮਿਥ ਨੂੰ ਪਿਛਲੇ ਕੁਝ ਸਮੇਂ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਕਾਫੀ ਪ੍ਰੇਸ਼ਾਨ ਕੀਤਾ ਹੈ। ਪਿਛਲੇ ਸਾਲ ਏਸ਼ੇਜ਼ ਵਿਚ ਆਰਚਰ ਦੇ ਬਾਊਂਚਰ ਨਾਲ ਸਮਿਥ ਨੂੰ ਸਿਰ ਵਿਚ ਸੱਟ ਵੀ ਲੱਗੀ ਸੀ, ਜਿਸ ਨਾਲ ਉਸ ਨੂੰ ਇਸ ਟੈਸਟ ਵਿਚੋਂ ਬਾਹਰ ਰਹਿਣਾ ਪਿਆ ਸੀ। ਇਸ ਸਾਲ ਆਈ. ਪੀ. ਐੱਲ. ਤੋਂ ਪਹਿਲਾਂ ਇੰਗਲੈਂਡ ਦੌਰੇ ਵਿਚ ਸਮਿਥ ਨੂੰ ਨੈੱਟ ਅਭਿਆਸ ਵਿਚ ਹੀ ਹੈਲਮੇਟ 'ਤੇ ਗੇਂਦ ਲੱਗੀ ਸੀ, ਜਿਸ ਨਾਲ ਉਹ ਵਨ ਡੇ ਸੀਰੀਜ਼ ਨਹੀਂ ਖੇਡ ਸਕਿਆ ਸੀ।
ਇਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਆਸਟਰੇਲੀਆ ਦੇ ਚੋਟੀ ਦੇ ਬੱਲੇਬਾਜ਼ ਸਮਿਥ ਨੂੰ ਟੈਸਟ ਸੀਰੀਜ਼ ਵਿਚ ਪ੍ਰੇਸ਼ਾਨੀ ਵਿਚ ਪਾ ਸਕਦੇ ਹਨ ਪਰ ਸਹਾਇਕ ਕੋਚ ਮੈਕਡੋਨਾਲਡ ਦਾ ਮੰਨਣਾ ਹੈ ਕਿ ਸਮਿਥ ਨੇ ਖੁਦ ਨੂੰ ਮਾਨਸਿਕ ਤੌਰ 'ਤੇ ਅਜਿਹੀਆਂ ਗੇਂਦਾਂ ਦਾ ਸਾਹਮਣਾ ਕਰਨ ਲਈ ਤਿਆਰ ਕਰ ਲਿਆ ਹੈ ਤੇ ਉਸ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਖੁਦ ਸਮਿਥ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਸ ਨੂੰ ਸ਼ਾਰਟ ਪਿੱਚ ਗੇਂਦਾਂ ਤੋਂ ਕੋਈ ਸਮੱਸਿਆ ਨਹੀਂ ਹੈ। ਮੈਕਡੋਨਾਲਡ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਇਹ ਉਸਦੀ ਕਮਜ਼ੋਰੀ ਹੈ। ਮੇਰੇ ਹਿਸਾਬ ਨਾਲ ਉਹ (ਭਾਰਤੀ) ਉਸ (ਸਮਿਥ) 'ਤੇ ਸ਼ੁਰੂਆਤੀ ਦਬਾਅ ਬਣਾਉਣ ਲਈ ਅਜਿਹੀਆਂ ਗੇਂਦਾਂ ਦਾ ਇਸਤੇਮਾਲ ਕਰਨਗੇ ਤਾਂ ਕਿ ਉਸ ਨੂੰ ਜਲਦ ਆਊਟ ਕੀਤਾ ਜਾ ਸਕੇ।''