ਸਕੀਟ ਨਿਸ਼ਾਨੇਬਾਜ਼ ਭਵਤੇਗ ਨੇ ਵਿਸ਼ਵ ਯੂਨੀਵਰਸਿਟੀ ਨਿਸ਼ਾਨੇਬਾਜ਼ੀ ’ਚ ਜਿੱਤਿਆ ਸੋਨ ਤਮਗਾ
Wednesday, Nov 13, 2024 - 01:07 PM (IST)
ਨਵੀਂ ਦਿੱਲੀ– ਭਾਰਤ ਦੇ ਨੌਜਵਾਨ ਸਕੀਟ ਨਿਸ਼ਾਨੇਬਾਜ਼ ਭਵਤੇਗ ਸਿੰਘ ਗਿੱਲ ਨੇ ਮੰਗਲਵਾਰ ਨੂੰ ਇੱਥੇ ਵਿਸ਼ਵ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੋਟੀ ਦਾ ਸਥਾਨ ਹਾਸਲ ਕਰਕੇ ਦੇਸ਼ ਦੀ ਝੋਲੀ ਵਿਚ ਦੂਜਾ ਸੋਨ ਤਮਗਾ ਪਾਇਆ। ਪਲਕ ਗੁਲੀਆ ਤੇ ਅਮਿਤ ਸ਼ਰਮਾ ਦੀ ਏਅਰ ਪਿਸਟਲ ਮਿਕਸਡ ਟੀਮ ਨੇ ਐਤਵਾਰ ਨੂੰ ਪਹਿਲਾ ਸੋਨ ਤਮਗਾ ਜਿੱਤਿਆ ਸੀ।
ਭਾਰਤੀ ਖਿਡਾਰੀਆਂ ਨੇ ਇਸ ਤੋਂ ਇਲਾਵਾ ਤਿੰਨ ਵਿਅਕਤੀਗਤ ਕਾਂਸੀ ਤਮਗੇ ਵੀ ਜਿੱਤੇ। ਸਿਮਰਨਪ੍ਰੀਤ ਕੌਰ ਬਰਾੜ (25 ਮੀਟਰ ਸਪੋਰਟਸ ਪਿਸਟਲ), ਯਸ਼ਸਵੀ ਰਾਠੌੜ (ਮਹਿਲਾ ਸਕੀਟ) ਤੇ ਅਭੈ ਸਿੰਘ ਸੇਖੋਂ (ਪੁਰਸ਼ ਸਕੀਟ) ਨੇ ਵਿਅਕਤੀਗਤ ਕਾਂਸੀ ਤਮਗੇ ਜਿੱਤੇ। ਜੂਨੀਅਰ ਵਰਗ ਵਿਚ ਚਾਰ ਕੌਮਾਂਤਰੀ ਤਮਗੇ ਜਿੱਤਣ ਵਾਲੇ ਗਿੱਲ ਨੇ ਫਾਈਨਲ ਵਿਚ 58 ਅੰਕ ਬਣਾ ਕੇ ਸੋਨ ਤਮਗਾ ਜਿੱਤਿਆ। ਉਸ ਨੂੰ ਸਾਈਪ੍ਰਸ ਦੇ ਪੇਟ੍ਰੋਸ ਐਗਲਜੌਡਿਸ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਸਾਈਪ੍ਰਸ ਦੇ ਖਿਡਾਰੀ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਦੇ ਇਕ ਹੋਰ ਨਿਸ਼ਾਨੇਬਾਜ਼ ਸੇਖੋਂ ਨੇ ਕਾਂਸੀ ਤਮਗਾ ਜਿੱਤਿਆ। ਸੇਖੋਂ ਨੇ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਊਂਡ ਵਿਚ 125 ਵਿਚੋਂ 122 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਸੀ ਜਦਕਿ ਗਿੱਲ ਨੇ 119 ਅੰਕ ਹਾਸਲ ਕਰਕੇ ਚੌਥੇ ਸਥਾਨ ’ਤੇ ਰਹਿੰਦੇ ਹੋਏ 6 ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਮਹਿਲਾਵਾਂ ਦੀ ਸਕੀਟ ਵਿਚ ਯਸ਼ਸਵੀ ਰਾਠੌੜ ਨੇ 38 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ ਜਦਕਿ ਇਟਲੀ ਦੀ ਜਿਆਡਾ ਲੋਂਘੀ ਨੇ ਸੋਨ (52) ਤੇ ਸਲੋਵਾਕੀਆ ਦੀ ਐਡੇਲਾ ਸੁਪੇਕੋਵਾ ਨੇ ਚਾਂਦੀ ਤਮਗਾ ਜਿੱਤਿਆ। ਮਹਿਲਾਵਾਂ ਦੀ 25 ਮੀਟਰ ਸਪੋਰਟਸ ਪਿਸਟਲ ਵਿਚ ਸਿਮਰਨਪ੍ਰੀਤ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ 30 ਅੰਕ ਬਣਾ ਕੇ ਤੀਜੇ ਸਥਾਨ ’ਤੇ ਰਹੀ। ਕੋਰੀਆ ਦੀ ਕਿਮ ਮਿਨੇਸੋ (35) ਤੇ ਫਰਾਂਸ ਦੀ ਫੋਰੋ ਹੇਲੋਇਸ (34) ਨੇ ਕ੍ਰਮਵਾਰ ਸੋਨ ਤੇ ਚਾਂਦੀ ਤਮਗਾ ਜਿੱਤਿਆ। ਚੈਂਪੀਅਨਸ਼ਿਪ ਵਿਚ 23 ਦੇਸ਼ਾਂ ਦੇ 220 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ।