6 ਭਾਰਤੀਆਂ ਨੇ ਏਸ਼ੀਅਨ ਯੂਥ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਲਗਾਇਆ ਗੋਲਡਨ ਪੰਚ
Monday, Mar 14, 2022 - 12:55 PM (IST)
ਨਵੀਂ ਦਿੱਲੀ (ਭਾਸ਼ਾ)- ਵਿਨੀ, ਯਕਸ਼ਿਕਾ ਅਤੇ ਵਿਧੀ ਸਮੇਤ 6 ਭਾਰਤੀ ਜੂਨੀਅਰ ਮੁੱਕੇਬਾਜ਼ਾਂ ਨੇ ਐਤਵਾਰ ਨੂੰ ਜੌਰਡਨ ਦੇ ਅੱਮਾਨ ਵਿਚ 2022 ਏ.ਐੱਸ.ਬੀ.ਸੀ. ਏਸ਼ੀਅਨ ਯੂਥ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਭਾਰ ਵਰਗ ਵਿਚ ਸੋਨ ਤਗਮੇ ਜਿੱਤੇ। ਫਲਾਈਵੇਟ 50 ਕਿਲੋਗ੍ਰਾਮ ਦੇ ਫਾਈਨਲ ਵਿਚ ਹਿਸਾਰ ਦੀ ਵਿਨੀ ਨੇ ਕਜ਼ਾਕਿਸਤਾਨ ਦੀ ਕਰੀਨਾ ਟੋਕੁਬੇ ਨੂੰ ਸਰਬਸੰਮਤੀ ਨਾਲ 5-0 ਨਾਲ ਹਰਾਇਆ। ਯਕਸ਼ਿਕਾ (52 ਕਿਲੋਗ੍ਰਾਮ) ਨੇ ਉਜ਼ਬੇਕਿਸਤਾਨ ਦੀ ਰਾਖੀਮਾ ਬੇਕਨਿਆਜ਼ੋਵਾ ਦੇ ਖ਼ਿਲਾਫ਼ ਪਛੜਨ ਦੇ ਬਾਅਦ ਮਜ਼ਬੂਤ ਵਾਪਸੀ ਕਰਦੇ ਹੋਏ 4-1 ਨਾਲ ਜਿੱਤ ਦਰਜ ਕੀਤੀ। ਵਿਧੀ ਨੂੰ ਹਾਲਾਂਕਿ 57 ਕਿਲੋਗ੍ਰਾਮ ਫੀਦਰਵੇਟ ਫਾਈਨਲ ਵਿਚ ਜੌਰਡਨ ਦੀ ਅਯਾ ਸੁਵਿੰਦੇਹ ਖ਼ਿਲਾਫ਼ 5-0 ਦੀ ਜਿੱਤ ਦੌਰਾਨ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ।
ਮੌਜੂਦਾ ਚੈਂਪੀਅਨ ਨਿਕਿਤਾ ਚੰਦ (60 ਕਿਲੋਗ੍ਰਾਮ) ਨੇ ਕਜ਼ਾਕਿਸਤਾਨ ਦੀ ਉਲਦਾਨਾ ਤੋਬੇ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ। ਰੈਫਰੀ ਨੂੰ ਤੀਜੇ ਦੌਰ ਦੇ ਵਿਚਕਾਰ ਮੈਚ ਰੋਕਣਾ ਪਿਆ। ਕਜ਼ਾਕਿਸਤਾਨ ਦੇ ਨਰਸੁਲੂ ਸੁਨੇਲੀ ਕੋਲ ਸ੍ਰਿਸ਼ਟੀ ਸਾਥੇ (63 ਕਿਲੋਗ੍ਰਾਮ) ਦਾ ਕੋਈ ਜਵਾਬ ਨਹੀਂ ਸੀ ਅਤੇ ਰੈਫਰੀ ਨੇ ਦੂਜੇ ਦੌਰ ਵਿਚ ਹੀ ਮੁਕਾਬਲਾ ਰੋਕਣ ਤੋਂ ਬਾਅਦ ਭਾਰਤੀ ਮੁੱਕੇਬਾਜ਼ ਨੂੰ ਜੇਤੂ ਐਲਾਨ ਦਿੱਤਾ। 75 ਕਿਲੋਗ੍ਰਾਮ ਵਰਗ ਵਿਚ ਰੁਦਰੀਕਾ ਨੇ ਇੱਕ-ਪਾਸੜ ਫਾਈਨਲ ਵਿਚ ਕਜ਼ਾਕਿਸਤਾਨ ਦੀ ਸ਼ੁਗਲਿਆ ਨਲੀਬੇ ਨੂੰ 5-0 ਨਾਲ ਹਰਾਇਆ। ਇਸ ਤੋਂ ਪਹਿਲਾਂ ਮਾਹੀ (46 ਕਿਲੋ) ਅਤੇ ਪਲਕ (48 ਕਿਲੋ) ਨੂੰ ਸਰਬਸੰਮਤੀ ਨਾਲ ਲਏ ਗਏ ਫ਼ੈਸਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਸੁਪ੍ਰਿਆ (54 ਕਿਲੋ) ਉਜ਼ਬੇਕਿਸਤਾਨ ਦੀ ਉਜ਼ੁਕਜ਼ਾਮੋਲ ਯੂਨੁਸੋਵਾ ਖ਼ਿਲਾਫ਼ ਮੁਕਾਬਲੇ ਨੂੰ ਦੂਜੇ ਦੌਰ ਤੋਂ ਅੱਗੇ ਨਹੀਂ ਖਿੱਚ ਸਕੀ।
ਖੁਸ਼ੀ ਨੂੰ 81 ਕਿਲੋਗ੍ਰਾਮ ਦੇ ਫਾਈਨਲ ਵਿਚ ਕਜ਼ਾਕਿਸਤਾਨ ਦੀ ਕੁਰਲੇ ਯੇਗਿਨਬੇਕਜ਼ੀ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਨਿਰਝਾਰਾ (+81 ਕਿਲੋਗ੍ਰਾਮ) ਨੂੰ ਵੀ ਉਜ਼ਬੇਕਿਸਤਾਨ ਦੀ ਸੋਬੀਰਾਖੋਨ ਸੇਖੋਬਿਦਿਨੋਵਾ ਤੋਂ ਇੱਕ-ਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਰਾਤ ਕ੍ਰਿਸ਼ ਪਾਲ (46 ਕਿਲੋਗ੍ਰਾਮ), ਰਵੀ ਸੈਣੀ (48 ਕਿਲੋਗ੍ਰਾਮ), ਯਸ਼ਵਰਧਨ ਸਿੰਘ (60 ਕਿਲੋਗ੍ਰਾਮ) ਅਤੇ ਰਿਸ਼ਭ ਸਿੰਘ (60 ਕਿਲੋਗ੍ਰਾਮ) ਵੀ ਰਿੰਗ ਵਿਚ ਉਤਰਨਗੇ। ਜੂਨੀਅਰ ਵਰਗ ਵਿਚ 21 ਅਤੇ ਯੁਵਾ ਵਰਗ ਵਿਚ 18 ਤਮਗੇ ਜਿੱਤ ਕੇ ਭਾਰਤ ਇਸ ਵੱਕਾਰੀ ਮਹਾਂਦੀਪੀ ਟੂਰਨਾਮੈਂਟ ਵਿਚ ਪਹਿਲਾਂ ਹੀ 39 ਤਗਮੇ ਹਾਸਲ ਕਰ ਚੁੱਕਾ ਹੈ। ਉਮਰ ਵਰਗ ਦੇ ਇਸ ਟੂਰਨਾਮੈਂਟ ਵਿਚ ਪੁਰਸ਼ ਅਤੇ ਮਹਿਲਾ ਵਰਗ ਦੇ ਯੁਵਾ ਅਤੇ ਜੂਨੀਅਰ ਮੁਕਾਬਲੇ ਇਕੋ ਸਮੇਂ ਕਰਵਾਏ ਜਾ ਰਹੇ ਹਨ। ਭਾਰਤ ਨੇ 2021 ਵਿਚ ਦੁਬਈ ਵਿਚ ਪਿਛਲੇ ਟੂਰਨਾਮੈਂਟ ਵਿਚ 14 ਸੋਨੇ ਸਮੇਤ 39 ਤਗਮੇ ਜਿੱਤੇ ਸਨ।