ਮੇਦਵੇਦੇਵ ਨੂੰ ਹਰਾ ਕੇ ਸਿੰਨਰ ਸੈਮੀਫਾਈਨਲ ''ਚ ਪਹੁੰਚੇ
Thursday, Sep 05, 2024 - 12:37 PM (IST)
ਨਿਊਯਾਰਕ : ਵਿਸ਼ਵ ਦੇ ਨੰਬਰ ਇਕ ਖਿਡਾਰੀ ਯਾਨਿਕ ਸਿੰਨਰ ਨੇ ਬੁੱਧਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਵਿਚ ਸਾਬਕਾ ਚੈਂਪੀਅਨ ਡੈਨਿਲ ਮੇਦਵੇਦੇਵ ਨੂੰ ਚਾਰ ਸੈੱਟਾਂ ਵਿਚ ਹਰਾ ਕੇ ਪਹਿਲੀ ਵਾਰ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਟਲੀ ਦੇ ਚੋਟੀ ਦਾ ਦਰਜਾ ਪ੍ਰਾਪਤ ਸਿੰਨਰ ਨੇ 2021 ਦੇ ਚੈਂਪੀਅਨ ਮੇਦਵੇਦੇਵ ਨੂੰ 6-2, 1-6, 6-1, 6-4 ਨਾਲ ਹਰਾਇਆ।
ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਜ਼ ਦੇ ਛੇਤੀ ਬਾਹਰ ਹੋਣ ਤੋਂ ਬਾਅਦ ਪੁਰਸ਼ ਸਿੰਗਲਜ਼ ਵਿਚ ਹੁਣ ਸਿੰਨਰ ਇਕਲੌਤੇ ਗ੍ਰੈਂਡ ਸਲੈਮ ਜੇਤੂ ਰਹਿ ਗਏ ਹਨ। ਸਿੰਨਰ ਨੇ ਜਨਵਰੀ ਵਿੱਚ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਮੇਦਵੇਦੇਵ ਨੂੰ ਪੰਜ ਸੈੱਟਾਂ ਵਿੱਚ ਹਰਾ ਕੇ ਖ਼ਿਤਾਬ ਜਿੱਤਿਆ ਸੀ।
ਫਾਈਨਲ 'ਚ ਜਗ੍ਹਾ ਬਣਾਉਣ ਲਈ ਸਿੰਨਰ ਦਾ ਸਾਹਮਣਾ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ 25ਵਾਂ ਦਰਜਾ ਪ੍ਰਾਪਤ ਜੈਕ ਡਰੇਪਰ ਨਾਲ ਹੋਵੇਗਾ। ਇਸੇ ਦਿਨ 12ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਅਤੇ 20ਵਾਂ ਦਰਜਾ ਪ੍ਰਾਪਤ ਫ੍ਰਾਂਸਿਸ ਟਿਆਫੋ ਵਿਚਕਾਰ ਇਕ ਹੋਰ ਸੈਮੀਫਾਈਨਲ ਖੇਡਿਆ ਜਾਵੇਗਾ। 22 ਸਾਲਾ ਡਰੇਪਰ ਨੇ ਪਹਿਲੀ ਵਾਰ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਐਂਡੀ ਮਰੇ ਦੇ 2012 ਵਿੱਚ ਟਰਾਫੀ ਜਿੱਤਣ ਤੋਂ ਬਾਅਦ ਉਹ ਅਮਰੀਕੀ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਬ੍ਰਿਟੇਨ ਦੇ ਪਹਿਲੇ ਪੁਰਸ਼ ਖਿਡਾਰੀ ਹਨ। ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ 10ਵਾਂ ਦਰਜਾ ਪ੍ਰਾਪਤ ਐਲੇਕਸ ਡੀ ਮਿਨੋਰ ਨੂੰ 6-3, 7-5, 6-2 ਨਾਲ ਹਰਾਇਆ।