ਸਿੰਗਾਪੁਰ ਨੇ ਭਾਰਤੀ ਫੁੱਟਬਾਲ ਟੀਮ ਨੂੰ 1-1 ਨਾਲ ਡਰਾਅ ’ਤੇ ਰੋਕਿਆ
Sunday, Sep 25, 2022 - 03:05 PM (IST)

ਹੋ ਚੀ ਮਿੰਹ ਸਿਟੀ, (ਭਾਸ਼ਾ)- ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤੀ ਟੀਮ ਜਿੱਤ ਦਰਜ ਨਹੀਂ ਕਰ ਸਕੀ ਤੇ ਹੇਠਲੇ ਦਰਜੇ ਦੀ ਸਿੰਗਾਪੁਰ ਦੀ ਟੀਮ ਨੇ ਉਸ ਨੂੰ ਫੀਫਾ ਅੰਤਰਰਾਸ਼ਟਰੀ ਦੋਸਤਾਨਾ ਫੁੱਟਬਾਲ ਮੈਚ ’ਚ ਨਾਲ 1-1 ਨਾਲ ਡਰਾਅ ’ਤੇ ਰੋਕ ਦਿੱਤਾ। ਸਿੰਗਾਪੁਰ ਲਈ ਇਖ਼ਸਾਨ ਫਾਂਡੀ ਨੇ 37ਵੇਂ ਮਿੰਟ ’ਚ ਗੋਲ ਕੀਤਾ ਪਰ ਭਾਰਤ ਦੇ ਆਸ਼ਿਕ ਕੁਰੂਨੀਅਨ ਨੇ 6 ਮਿੰਟ ਬਾਅਦ ਕਪਤਾਨ ਸੁਨੀਲ ਛੇਤਰੀ ਦੀ ਮਦਦ ਨਾਲ ਬਰਾਬਰੀ ਦਾ ਗੋਲ ਕੀਤਾ।
ਜੈਕਸਨ ਸਿੰਘ ਨੇ ਸਿੰਗਾਪੁਰ ਦੇ ਹਾਫ ’ਚ ਦਾਖਲ ਹੋ ਕੇ ਗੇਂਦ ਨੂੰ ਛੇਤਰੀ ਨੂੰ ਸੌਂਪੀ, ਜਿਸ ਨੇ ਅੱਗੇ ਇਸ ਨੂੰ ਕੁਰੁਨੀਅਨ ਨੂੰ ਦੇ ਦਿੱਤਾ। ਕੁਰੁਨੀਅਨ ਨੇ ਖੱਬੇ ਪੈਰ ਤੋਂ ਕਿੱਕ ਲਾ ਕੇ ਸਿੰਗਾਪੁਰ ਦੇ ਗੋਲਕੀਪਰ ਤੇ ਕਪਤਾਨ ਹਸਨ ਸੰਨੀ ਨੂੰ ਪਛਾੜਦਿਆਂ ਗੋਲ ਕੀਤਾ। ਵਿਸ਼ਵ ਰੈਂਕਿੰਗ ’ਚ ਭਾਰਤ 104ਵੇਂ ਤੇ ਸਿੰਗਾਪੁਰ 159ਵੇਂ ਸਥਾਨ ’ਤੇ ਹੈ। ਸਿੰਗਾਪੁਰ ਪਹਿਲੇ ਮੈਚ ’ਚ ਵੀਅਤਨਾਮ ਤੋਂ 0-4 ਨਾਲ ਹਾਰ ਗਿਆ ਸੀ। ਭਾਰਤ ਨੂੰ ਹੁਣ ਮੰਗਲਵਾਰ ਨੂੰ ਵੀਅਤਨਾਮ ਨਾਲ ਖੇਡਣਾ ਹੈ।