ਮਲੇਸ਼ੀਆ ਓਪਨ ''ਚ ਮਾਰਿਨ ਤੋਂ ਹਾਰੀ ਸਿੰਧੂ, ਪ੍ਰਣਯ ਨੇ ਸੇਨ ਨੂੰ ਹਰਾਇਆ
Thursday, Jan 12, 2023 - 02:50 PM (IST)

ਕੁਆਲਾਲੰਪੁਰ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸੱਟ ਤੋਂ ਉਭਰਣ ਤੋਂ ਬਾਅਦ ਵਾਪਸੀ ਕਰਦੇ ਹੋਏ ਪਹਿਲੇ ਹੀ ਦੌਰ 'ਚ ਹਾਰ ਗਈ, ਜਦਕਿ ਫਾਰਮ 'ਚ ਚੱਲ ਰਹੇ ਐੱਚਐੱਸ ਪ੍ਰਣਯ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਕਾਇਮ ਰੱਖਦੇ ਹੋਏ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਰੋਮਾਂਚਕ ਮੁਕਾਬਲੇ 'ਚ ਬੁੱਧਵਾਰ ਨੂੰ ਹਮਵਤਨ ਲਕਸ਼ੈ ਸੇਨ ਨੂੰ ਹਰਾ ਦਿੱਤਾ।
ਛੇਵੇਂ ਨੰਬਰ ਦੀ ਖਿਡਾਰਨ ਪੀਵੀ ਸਿੰਧੂ ਅਗਸਤ 'ਚ ਰਾਸ਼ਟਰ ਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਤੋਂ ਬਾਅਦ ਖੱਬੇ ਗੋਡੇ 'ਚ ਹੋਏ ਫਰੈਕਚਰ ਤੋਂ ਉੱਭਰ ਕੇ ਪਰਤੀ ਸੀ। ਉਸ ਨੂੰ ਰੀਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੇ 21-12. 10-21, 21-15 ਨਾਲ ਹਰਾਇਆ। ਇਸ ਤੋਂ ਪਹਿਲਾਂ ਪਿਛਲੇ ਸਾਲ ਵਿਸ਼ਵ ਰੈਂਕਿੰਗ 'ਚ ਅੱਠਵੇਂ ਨੰਬਰ 'ਤੇ ਪਹੁੰਚੇ ਪ੍ਰਣਯ ਨੇ ਇਕ ਖੇਡ ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 10ਵੀਂ ਰੈਂਕਿੰਗ ਵਾਲੇ ਸੇਨ ਨੂੰ 22-24, 21-12, 21-18 ਨਾਲ ਹਰਾਇਆ।
ਇਹ ਵੀ ਪੜ੍ਹੋ : ਓਡੀਸ਼ਾ ਦੇ ਕਲਾਕਾਰ ਨੇ ਬੋਤਲ ਦੇ ਅੰਦਰ ਬਣਾਈ ਹਾਕੀ ਸਟਿੱਕ ਅਤੇ ਗੇਂਦ
ਕੇਰਲ ਦੇ 30 ਸਾਲਾ ਪ੍ਰਣਯ ਦਾ ਸਾਹਮਣਾ ਹੁਣ ਇੰਡੋਨੇਸ਼ੀਆ ਦੇ ਚਿਕੋ ਓਰਾ ਦਵੀ ਵੋਰਡਿਓ ਨਾਲ ਹੋਵੇਗਾ। ਸਾਤਵਿਕ ਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਵੀ ਕੋਰੀਆ ਦੇ ਚੋਈ ਸੋਲ ਯੂ ਤੇ ਕਿਮ ਵੋਨ ਹੋ ਨੂੰ 21-16, 21-13 ਨਾਲ ਹਰਾ ਕੇ ਪ੍ਰਰੀ ਕੁਆਰਟਰ ਫਾਈਨਲ 'ਚ ਪਹੁੰਚ ਗਏ। ਹੁਣ ਉਸਦਾ ਸਾਹਮਣਾ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹੀਬੁਲ ਫਿਕਰੀ ਤੇ ਬਾਬਾਸ ਮੌਲਾਨਾ ਨਾਲ ਹੋਵੇਗਾ।
ਮਾਲਵਿਕਾ ਬੰਸੋੜ ਪਹਿਲੇ ਦੌਰ 'ਚ ਕੋਰੀਆ ਦੀ ਅਨ ਸੀ ਯੰਗ ਤੋਂ 9-21, 13-21 ਨਾਲ ਹਾਰ ਗਈ। ਮਹਿਲਾ ਡਬਲਜ਼ 'ਚ ਅਸ਼ਵਨੀ ਭੱਟ ਤੇ ਸ਼ਿਖਾ ਗੌਤਮ ਪਹਿਲੇ ਦੌਰ 'ਚ ਥਾਈਲੈਂਡ ਦੀ ਐੱਸ ਪਾਐਵੰਸਪਰਾਨ ਤੇ ਪੁਤਿਤ ਐੱਸ ਤੋਂ 10-21. 13-21 ਨਾਲ ਹਾਰ ਗਈ। ਪ੍ਰਣਯ ਤੇ ਸੇਨ ਦੀ ਟੱਕਰ ਪਿਛਲੇ ਸਾਲ ਪੰਜ ਵਾਰ ਹੋਈ, ਜਿਸ ਵਿਚ ਸੇਨ 3-2 ਨਾਲ ਅੱਗੇ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।