ਸਿੰਧੂ ਨੇ ਇਤਿਹਾਸਕ ਜਿੱਤ ਨਾਲ ਆਪਣੀ ਮਾਂ ਨੂੰ ਜਨਮਦਿਨ ''ਤੇ ਦਿੱਤਾ ਖਾਸ ਤੋਹਫਾ

08/25/2019 9:53:23 PM

ਬਾਸੇਲ- ਭਾਰਤ ਦੀ 24 ਸਾਲਾ ਪੀ. ਵੀ. ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕਾਹੂਰਾ ਨੂੰ ਐਤਵਾਰ ਨੂੰ ਇਕਪਾਸੜ ਅੰਦਾਜ਼ ਵਿਚ 21-7, 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਸਿੰਧੂ ਨੇ ਵੱਡੇ ਟੂਰਨਾਮੈਂਟਾਂ ਦੇ ਫਾਈਨਲ ਵਿਚ ਹਾਰ ਜਾਣ ਦਾ ਅੜਿੱਕਾ ਆਖਿਰ ਅੱਜ ਤੋੜ ਹੀ ਦਿੱਤਾ ਤੇ ਉਹ ਭਾਰਤ ਦੀ ਬੈਡਮਿੰਟਨ ਵਿਚ ਪਹਿਲੀ ਵਿਸ਼ਵ ਚੈਂਪੀਅਨ ਬਣ ਗਈ। ਆਪਣੀ ਮਾਂ ਦੇ ਜਮਨਦਿਨ ਦੇ ਦਿਨ ਸਿੰਧੂ ਨੇ ਇਸ ਵਾਰ ਉਸ ਨੇ ਕੋਈ ਖੁੰਝ ਨਹੀਂ ਕੀਤੀ ਤੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਓਕਾਹੂਰਾ ਨੂੰ ਹਰਾ ਦਿੱਤਾ ਤੇ ਆਪਣੀ ਮਾਂ ਨੂੰ ਜਿੱਤ ਦਾ ਖਾਸ ਤੋਹਫਾ ਦਿੱਤਾ। ਸਿੰਧੂ ਨੇ ਕਿਹਾ ''ਅੱਜ ਮੇਰੀ ਮਾਂ ਦਾ ਜਨਮ ਦਿਨ ਹੈ। ਇਸ ਮੌਕੇ 'ਤੇ ਆਪਣੀ ਇਹ ਜਿੱਤ ਮੈਂ ਉਨ੍ਹਾਂ ਨੂੰ ਸਮਰਪਿਤ ਕਰਦੀ ਹਾਂ।'' ਪੰਜਵੀਂ ਸੀਡ ਸਿੰਧੂ ਨੇ ਤੀਜੀ ਸੀਡ ਓਕਾਹੂਰਾ ਨੂੰ 38 ਮਿੰਟ ਵਿਚ ਹਾਰ ਕੇ ਭਾਰਤ ਵਿਚ ਜਸ਼ਨ ਦੀ ਲਹਿਰ ਦੌੜਾ ਦਿੱਤਾ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ 'ਚ ਇਹ ਪੰਜਵਾਂ ਤਮਗਾ ਹੈ। ਉਹ ਇਸ ਤੋਂ ਪਹਿਲਾਂ ਦੋ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤ ਚੁੱਕੀ ਹੈ। 

PunjabKesari
ਸਿੰਧੂ ਨੂੰ 2016 ਦੀਆਂ ਰੀਓ ਓਲੰਪਿਕ ਵਿਚ ਚਾਂਦੀ, 2017 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ, 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤੇ 2018 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਤਮਗਾ ਮਿਲਿਆ ਸੀ ਪਰ ਇਸ ਵਾਰ ਉਸ ਨੇ  ਆਪਣੇ ਤਮਗੇ ਦਾ ਰੰਗ ਬਦਲਦੇ ਹੋਏ ਉਸ ਨੂੰ ਪੀਲਾ ਕਰ ਦਿੱਤਾ। ਸਿੰਧੂ ਦਾ 2019 ਵਿਚ ਇਹ ਪਹਿਲਾ ਖਿਤਾਬ ਹੈ ਤੇ ਇਹ ਖਿਤਾਬ ਵੀ ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਮਿਲਿਆ, ਜਿਸਦਾ ਭਾਰਤ ਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ। ਸਿੰਧੂ ਨੇ ਫਾਈਨਲ ਵਿਚ ਜਿਹੜਾ ਪ੍ਰਦਰਸ਼ਨ ਕੀਤਾ, ਉਹ ਬੇਮਿਸਾਲ ਸੀ ਤੇ ਇਸ ਪ੍ਰਦਰਸ਼ਨ ਨੂੰ ਲੰਬੇ ਸਮੇਂ ਤਕ ਯਾਦ ਰੱਖਿਆ ਜਾਵੇਗਾ। ਇਸ ਤਰ੍ਹਾਂ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿਚ 25 ਅਗਸਤ 2019 ਦਾ ਦਿਨ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਿਆ।

PunjabKesari
ਭਾਰਤ ਦੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਹੁਣ ਕੁਲ 10 ਤਮਗੇ ਹੋ ਗਏ ਹਨ, ਜਿਨ੍ਹਾਂ ਵਿਚ ਇਕ ਸੋਨ, ਤਿੰਨ ਚਾਂਦੀ ਤੇ ਛੇ ਕਾਂਸੀ ਤਮਗੇ ਸ਼ਾਮਲ ਹਨ। ਇਨ੍ਹਾਂ 10 ਤਮਗਿਆਂ 'ਚੋਂ ਇਕੱਲੇ ਸਿੰਧੂ ਦੇ 5 ਤਮਗੇ ਹਨ। ਭਾਰਤ ਦਾ ਕਿਸੇ ਵਿਸ਼ਵ ਚੈਂਪੀਅਨਸ਼ਿਪ ਵਿਚ ਇਹ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 2017 ਵਿਚ ਸਿੰਧੂ ਨੇ ਚਾਂਦੀ ਤੇ ਸਾਇਨਾ ਨੇਹਵਾਲ ਨੇ ਕਾਂਸੀ ਤਮਗਾ ਜਿੱਤਿਆ ਸੀ।  ਓਕਾਹੂਰਾ ਵਰਗੀ ਖਿਡਾਰਨ ਨੂੰ ਦੋਵਾਂ ਸੈੱਟਾਂ ਵਿਚ 21-7, 21-7 ਨਾਲ ਹਰਾ ਕੇ ਸਿੰਧੂ ਨੇ ਸਾਬਤ ਕੀਤਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ ਸੋਨ ਤਮਗੇ ਦੀ ਪ੍ਰਮੁੱਖ ਦਾਅਵੇਦਾਰ ਰਹੇਗੀ। ਸਿੰਧੂ ਨੇ ਵਿਸ਼ਵ ਰੈਂਕਿੰਗ ਵਿਚ ਚੌਥੇ ਨੰਬਰ ਦੀ ਖਿਡਾਰਨ ਓਕੂਹਾਰਾ ਵਿਰੁੱਧ ਆਪਣਾ ਕਰੀਅਰ ਰਿਕਾਰਡ ਕਰ ਲਿਆ ਹੈ।


Gurdeep Singh

Content Editor

Related News