ਮਲੇਸ਼ੀਆ ਮਾਸਟਰਸ ''ਚ ਲੈਅ ਜਾਰੀ ਰਖਣਾ ਚਾਹੁਣਗੇ ਸਿੰਧੂ ਤੇ ਪ੍ਰਣਯ

Tuesday, Jul 05, 2022 - 12:43 PM (IST)

ਮਲੇਸ਼ੀਆ ਮਾਸਟਰਸ ''ਚ ਲੈਅ ਜਾਰੀ ਰਖਣਾ ਚਾਹੁਣਗੇ ਸਿੰਧੂ ਤੇ ਪ੍ਰਣਯ

ਸਪੋਰਟਸ ਡੈਸਕ- ਪੀ. ਵੀ. ਸਿੰਧੂ ਤੇ ਐੱਚ. ਐੱਸ. ਪ੍ਰਣਯ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਸਿੰਧੂ ਤੇ ਪ੍ਰਣਯ ਨੂੰ ਪਿਛਲੇ ਹਫ਼ਤੇ ਮਲੇਸ਼ੀਆ ਓਪਨ ਸੁਪਰ 750 ਦੇ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਹ ਦੋਵੇਂ ਖਿਡਾਰੀ ਇਸ ਹਫ਼ਤੇ ਸ਼ੁਰੂ ਹੋ ਰਹੇ ਟੂਰਨਾਮੈਂਟ ਵਿਚ ਆਪਣੀ ਖੇਡ ਦੀਆਂ ਕਮੀਆਂ ਨੂੰ ਦੂਰ ਕਰ ਕੇ ਸੁਧਾਰ ਕਰਨਾ ਚਾਹੁਣਗੇ।

ਸਿੰਧੂ ਨੇ ਇਸ ਸਾਲ ਸਈਅਦ ਮੋਦੀ ਇੰਟਰਨੈਸ਼ਨਲ ਤੇ ਸਵਿਸ ਓਪਨ ਦੇ ਰੂਪ ਵਿਚ ਦੋ ਸੁਪਰ 500 ਖ਼ਿਤਾਬ ਜਿੱਤੇ ਹਨ, ਉਥੇ ਪ੍ਰਣਯ ਖ਼ਿਤਾਬ ਜਿੱਤਣ ਦੇ ਪੰਜ ਸਾਲ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਨ ਲਈ ਬੇਤਾਬ ਹਨ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਵਿਸ਼ਵ ਟੂਰ ਮੁਕਾਬਲਿਆਂ ਦੇ ਕੁਆਰਟਰ ਤੇ ਸੈਮੀਫਾਈਨਲ 'ਚ ਲਗਾਤਾਰ ਪੁੱਜ ਰਹੀ ਹੈ ਪਰ ਚੋਟੀਆਂ ਦੀਆਂ ਖਿਡਾਰਨਾਂ ਖ਼ਿਲਾਫ਼ ਉਹ ਥੋੜ੍ਹੀ ਕਮਜ਼ੋਰ ਨਜ਼ਰ ਆ ਰਹੀ ਹੈ। ਇਸ ਨੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆਂਦਾ ਹੈ ਤੇ ਉਹ ਅਗਲੀਆਂ ਰਾਸ਼ਟਰਮੰਡਰ ਖੇਡਾਂ ਤੋਂ ਪਹਿਲਾਂ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦੇ ਸਾਹਮਣੇ ਸ਼ੁਰੂਆਤੀ ਦੌਰ ਵਿਚ ਬਿੰਗ ਜਿਆਓ ਦੀ ਚੁਣੌਤੀ ਹੋਵੇਗੀ।

ਇਸ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਪ੍ਰਣਯ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਤੋਂ ਲਗਾਤਾਰ ਕੁਆਰਟਰ ਫਾਈਨਲ ਵਿਚ ਪੁੱਜ ਰਹੇ ਹਨ। ਭਾਰਤੀ ਟੀਮ ਦੀ ਥਾਮਸ ਕੱਪ ਵਿਚ ਇਤਿਹਾਸਕ ਜਿੱਤ ਦੇ ਹੀਰੋ ਰਹੇ ਪ੍ਰਣਯ ਕੋਲ ਚੈਂਪੀਅਨ ਬਣ ਦੀ ਸਮਰਥਾ ਹੈ ਪਰ ਉਹ ਆਖ਼ਰ ਦੇ ਕੁਝ ਮੈਚਾਂ ਦਾ ਅੜਿੱਕਾ ਪਾਰ ਨਹੀਂ ਕਰ ਪਾ ਰਹੇ ਹਨ। ਪ੍ਰਣਯ ਇੰਡੋਨੇਸ਼ੀਆ ਸੁਪਰ 1000 ਵਿਚ ਸੈਮੀਫਾਈਨਲ ਵਿਚ ਪੁੱਜੇ ਸਨ। ਉਹ ਮਲੇਸ਼ੀਆ ਵਿਚ ਇੰਡੋਨੇਸ਼ੀਆ ਦੇ ਸ਼ੇਸਰ ਹਿਰੇਨ ਰੁਸਤਵਿਤੋ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰਨਗੇ। ਇਸ ਤੋਂ ਬਾਅਦ ਦੇ ਦੌਰ ਵਿਚ ਉਨ੍ਹਾਂ ਦੇ ਸਾਹਮਣੇ ਜੋਨਾਥਨ ਕ੍ਰਿਸਟੀ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਇਸ ਖਿਡਾਰੀ ਨੂੰ ਪਿਛਲੇ ਹਫ਼ਤੇ ਹਰਾਇਆ ਸੀ।

ਹੋਰ ਭਾਰਤੀਆਂ ਵਿਚ, ਬੀ ਸਾਈ ਪ੍ਰਣੀਤ ਪਹਿਲੇ ਗੇੜ ਵਿਚ ਗਵਾਟੇਮਾਲਾ ਦੇ ਕੇਵਿਨ ਕਾਰਡਨ ਨਾਲ ਭਿੜਨਗੇ ਜਦਕਿ ਸੱਟ ਤੋਂ ਵਾਪਸੀ ਕਰ ਰਹੇ ਸਮੀਰ ਵਰਮਾ ਦੇ ਸਾਹਮਣੇ ਚੌਥਾ ਦਰਜਾ ਹਾਸਲ ਤਾਇਵਾਨ ਦੇ ਚੋਉ ਟਿਏਨ ਚੀਨ ਦੀ ਮੁਸ਼ਕਲ ਚੁਣੌਤੀ ਹੋਵੇਗੀ। ਸਾਇਨਾ ਨੇਹਵਾਲ ਕੋਰੀਆ ਦੀ ਕਿਮ ਗਾ ਯੂਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ। ਡਬਲਜ਼ ਵਿਚ ਰਾਸ਼ਟਰਮੰਡਲ ਖੇਡਾਂ ਲਈ ਚੁਣੀ ਗਈ ਤ੍ਰਿਸ਼ਾ ਜਾਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਮਲੇਸ਼ੀਆ ਦੇ ਪਰਲ ਟੈਨ ਤੇ ਥਿਨਾਹ ਮੁਰਲੀਧਰਨ ਦੀ ਜੋੜੀ ਨਾਲ ਮੁਕਾਬਲਾ ਕਰੇਗੀ ਜਦਕਿ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਕੁਆਲੀਫਾਇੰਗ ਜੋੜੀ ਖ਼ਿਲਾਫ਼ ਪਹਿਲਾ ਮੈਚ ਖੇਡੇਗੀ।


author

Tarsem Singh

Content Editor

Related News