ਸਿੰਧੂ ਤੇ ਸਾਤਵਿਕ-ਚਿਰਾਗ ਨੇ ਇੰਡੀਆ ਓਪਨ ’ਚ ਕੀਤਾ ਜਿੱਤ ਨਾਲ ਆਗਾਜ਼
Wednesday, Jan 15, 2025 - 02:23 PM (IST)
ਨਵੀਂ ਦਿੱਲੀ– ਪੀ. ਵੀ. ਸਿੰਧੂ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਨੂੰ ਭਾਰਤੀ ਖਿਡਾਰੀਆਂ ਲਈ ਮਿਕਸਡ ਨਤੀਜੇ ਵਾਲੇ ਸ਼ੁਰੂਆਤੀ ਦਿਨ ਮੰਗਲਵਾਰ ਨੂੰ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਅੱਗੇ ਵਧਣ ਲਈ ਸਖਤ ਮਿਹਨਤ ਕਰਨੀ ਪਈ।
ਦਸੰਬਰ ਵਿਚ ਆਪਣੇ ਵਿਆਹ ਕਾਰਨ ਸੈਸ਼ਨ ਦੇ ਸ਼ੁਰੂਆਤੀ ਮਲੇਸ਼ੀਆ ਓਪਨ ਸੁਪਰ 1000 ਤੋਂ ਖੁੰਝਣ ਤੋਂ ਬਾਅਦ ਸਿੰਧੂ ਲੈਅ ਹਾਸਲ ਕਰਨ ਲਈ ਸੰਘਰਸ਼ ਕਰਦੀ ਦਿਸੀ। ਉਹ ਹਾਲਾਂਕਿ ਦੁਨੀਆ ਦੀ 24ਵੇਂ ਨੰਬਰ ਦੀ ਚੀਨੀ ਤਾਈਪੇ ਦੀ ਸੁੰਗ ਸ਼ੂਆ ਯੁਨ ’ਤੇ 21-14, 22-20 ਨਾਲ ਜਿੱਤ ਹਾਸਲ ਕਰਨ ਵਿਚ ਸਫਲ ਰਹੀ।
ਪੁਰਸ਼ ਡਬਲਜ਼ ਵਿਚ ਖਿਤਾਬ ਦੇ ਦਾਅਵੇਦਾਰ ਸੱਤਵਾਂ ਦਰਜਾ ਪ੍ਰਾਪਤ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸਖਤ ਚੁਣੌਤੀ ਤੋਂ ਉੱਭਰਦੇ ਹੋਏ ਵਿਸ਼ਵ ਰੈਂਕਿੰਗ ਵਿਚ ਸੱਤਵੇਂ ਸਥਾਨ ’ਤੇ ਕਾਬਜ਼ ਮਲੇਸ਼ੀਆ ਦੇ ਮੈਨ ਵੇਈ ਚੋਓਂਗ ਤੇ ਕਾਈ ਵੁਨ ਟੀ ਦੀ ਜੋੜੀ ਨੂੰ 23-21, 19-21, 21-16 ਨਾਲ ਹਰਾਇਆ।
ਪ੍ਰਤਿਭਾਸ਼ਾਲੀ ਕਿਰਣ ਜਾਰਜ ਨੇ ਜਾਪਾਨ ਦੇ ਵਿਸ਼ਵ ਨੰਬਰ 25 ਯੁਸ਼ੀ ਤਨਾਕਾ ਵਿਰੁੱਧ 21-19, 14-21, 27-25 ਨਾਲ ਜਿੱਤ ਹਾਸਲ ਕੀਤੀ। ਮਿਕਸਡ ਡਬਲਜ਼ ਵਿਚ ਤਨੀਸ਼ਾ ਕ੍ਰਾਸਟੋ ਤੇ ਧਰੁਵ ਕਪਿਲਾ ਦੀ ਭਾਰਤੀ ਜੋੜੀ ਚੀਨੀ ਤਾਈਪੇ ਦੀ ਚੇਨ ਚੇਂਗ ਕੁਆਨ ਤੇ ਸੂ ਯਿਨ ਹੂਈ ਦੀ ਜੋੜੀ ’ਤੇ 8-21, 21-19, 21-17 ਜਿੱਤ ਨਾਲ ਦੂਜੇ ਦੌਰ ਵਿਚ ਪਹੁੰਚ ਗਈ।