ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਸਿਮਰਨ ਸ਼ਰਮਾ ਨੇ ਭਾਰਤ ਨੂੰ ਛੇਵਾਂ ਸੋਨਾ ਦਿਵਾਇਆ

Saturday, May 25, 2024 - 08:34 PM (IST)

ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਸਿਮਰਨ ਸ਼ਰਮਾ ਨੇ ਭਾਰਤ ਨੂੰ ਛੇਵਾਂ ਸੋਨਾ ਦਿਵਾਇਆ

ਕੋਬੇ (ਜਾਪਾਨ)– ਸਿਮਰਨ ਸ਼ਰਮਾ ਨੇ ਮਹਿਲਾਵਾਂ ਦੀ 200 ਮੀਟਰ ਟੀ 12 ਪ੍ਰਤੀਯੋਗਿਤਾ ਵਿਚ 24.95 ਸੈਕੰਡ ਦਾ ਵਿਅਕਤੀਗਤ ਸਰਵਸ੍ਰੇਸ਼ਠ ਸਮਾਂ ਕੱਢ ਕੇ ਭਾਰਤ ਨੂੰ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ 6ਵਾਂ ਸੋਨ ਤਮਗਾ ਦਿਵਾ ਦਿੱਤਾ। ਸਿਮਰਨ ਦਾ ਇਸ ਤੋਂ ਪਹਿਲਾਂ ਸਰਵਸ੍ਰੇਸ਼ਠ ਪ੍ਰਦਰਸ਼ਨ 25.16 ਸੈਕੰਡ ਸੀ। ਟੀ 12 ਵਰਗ ਵਿਚ ਕਮਜ਼ੋਰ ਨਜ਼ਰ ਵਾਲੇ ਖਿਡਾਰੀ ਹਿੱਸਾ ਲੈਂਦੇ ਹਨ। ਭਾਰਤ ਦੇ ਹੁਣ 6 ਸੋਨ, 5 ਚਾਂਦੀ ਤੇ 4 ਕਾਂਸੀ ਸਮੇਤ 15 ਤਮਗੇ ਹੋ ਗਏ ਹਨ। ਇਹ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਪੈਰਿਸ ਵਿਚ 2023 ਵਿਚ ਭਾਰਤ ਨੇ 3 ਸੋਨ, 4 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ ਸਨ।
ਇਸ ਤੋਂ ਪਹਿਲਾਂ ਭਾਰਤ ਨੂੰ ਪੁਰਸ਼ਾਂ ਦੀ ਐੱਫ 46 ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਦੂਜੇ ਸਥਾਨ ’ਤੇ ਰਹੇ ਸ਼੍ਰੀਲੰਕਾ ਦੇ ਦਿਨੇਸ਼ ਪ੍ਰਿਯੰਥ ਹੇਰਾਥ ਵਿਰੁੱਧ ਸ਼ਿਕਾਇਤ ਸਹੀ ਸਾਬਤ ਹੋਣ ’ਤੇ ਚਾਂਦੀ ਤੇ ਕਾਂਸੀ ਤਮਗਾ ਦਿੱਤਾ ਗਿਆ। ਪੁਰਸ਼ਾਂ ਦੇ ਐੱਫ 46 ਜੈਵਲਿਨ ਥ੍ਰੋਅ ਵਿਚ ਭਾਰਤ ਦੇ ਰਿੰਕੂ ਹੁੱਡਾ ਤੇ ਅਜੀਤ ਸਿੰਘ ਤੀਜੇ ਤੇ ਚੌਥੇ ਸਥਾਨ ’ਤੇ ਰਹੇ ਸਨ ਪਰ ਭਾਰਤ ਨੇ ਵਿਰੋਧ ਦਰਜ ਕੀਤਾ ਸੀ ਕਿ ਹੇਰਾਥ ਇਸ ਵਰਗ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਹੈ। ਪੈਰਾ ਖੇਡਾਂ ਵਿਚ ਬਰਾਬਰ ਸਰੀਰਕ ਸਮਰੱਥਾ ਵਾਲੇ ਖਿਡਾਰੀਆਂ ਨੂੰ ਇਕ ਗਰੁੱਪ ਵਿਚ ਰੱਖਿਆ ਜਾਂਦਾ ਹੈ ਤਾਂ ਕਿ ਮੁਕਾਬਲੇਬਾਜ਼ੀ ਬਰਾਬਰੀ ਦੀ ਹੋਵੇ।


author

Aarti dhillon

Content Editor

Related News