ਸਿਫਤ ਕੌਰ ਨੇ ਮਿਊਨਿਖ ਵਿਸ਼ਵ ਕੱਪ ’ਚ ਜਿੱਤਿਆ ਕਾਂਸੀ ਤਮਗਾ
Saturday, Jun 08, 2024 - 10:33 AM (IST)
ਫਰੀਦਕੋਟ/ਮਿਊਨਿਖ- ਭਾਰਤ ਦੀ ਸਟਾਰ ਤੇ ਪੰਜਾਬ ਦੇ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਸ਼ੁੱਕਰਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ (ਰਾਈਫਲ/ਪਿਸਟਲ) ਦੇ ਆਖਰੀ ਦਿਨ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ। ਭਾਰਤ ਨੇ ਇਸ ਤਰ੍ਹਾਂ ਨਾਲ ਦੋ ਤਮਗੇ ਜਿੱਤ ਕੇ ਇਸ ਪ੍ਰਤੀਯੋਗਿਤਾ ਵਿਚ ਆਪਣੀ ਮੁਹਿੰਮ ਦਾ ਅੰਤ ਕੀਤਾ। ਸਰਬਜੋਤ ਸਿੰਘ ਨੇ ਵੀਰਵਾਰ ਨੂੰ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿਚ ਸੋਨ ਤਮਗਾ ਜਿੱਤਿਆ ਸੀ।
ਸਿਫਤ ਮਾਮੂਲੀ ਫਰਕ ਨਾਲ ਚਾਂਦੀ ਤਮਗਾ ਹਾਸਲ ਕਰਨ ਤੋਂ ਖੁੰਝ ਗਈ। ਉਸ ਨੇ 452.9 ਅੰਕ ਬਣਾਏ ਜਿਹੜੇ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਹਾਨ ਜਿਯਾਯੂ ਤੋਂ ਸਿਰਫ 0.1 ਘੱਟ ਸੀ। ਗ੍ਰੇਟ ਬ੍ਰਿਟੇਨ ਦੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਸਿਯੋਨੈਡ ਮੈਕਿਨਟੋਸ਼ ਨੇ 466.7 ਅੰਕਾਂ ਨਾਲ ਸੋਨ ਤਮਗਾ ਜਿੱਤਿਆ।
ਸਿਫਤ ਨੀਲਿੰਗ ਪੋਜ਼ੀਸ਼ਨ ਤੋਂ ਬਾਅਦ 7ਵੇਂ ਤੇ ਪ੍ਰੋਨ ਪੋਜ਼ੀਸ਼ਨ ਤੋਂ ਬਾਅਦ 5ਵੇਂ ਸਥਾਨ ’ਤੇ ਚੱਲ ਰਹੀ ਸੀ। ਸਟੈਂਡਿੰਗ ਪੋਜ਼ੀਸ਼ਨ ਵਿਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਉਹ ਕਾਂਸੀ ਤਮਗਾ ਜਿੱਤਣ ਵਿਚ ਸਫਲ ਰਹੀ।
ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ ਵਿਚ ਭਾਰਤ ਦਾ ਐਸ਼ਵਰਿਆ ਤੋਮਰ ਹੌਲੀ ਸ਼ੁਰੂਆਤ ਤੋਂ ਉੱਭਰ ਨਹੀਂ ਸਕਿਆ ਤੇ 40 ਸ਼ਾਟਾਂ ਤੋਂ ਬਾਅਦ 408.9 ਅੰਕ ਲੈ ਕੇ ਅੱਠਵੇਂ ਸਥਾਨ ’ਤੇ ਰਿਹਾ। ਇਸ ਪ੍ਰਤੀਯੋਗਿਤਾ ਦਾ ਸੋਨ ਤਮਗਾ ਨਾਰਵੇ ਦੇ ਓਲੇ ਮਾਰਟਿਨ ਹਲਵੋਰਸੇਨ (464.3) ਨੇ ਜਿੱਤਿਆ। ਉਸ ਨੇ ਫਾਈਨਲ ਵਿਚ ਹੰਗਰੀ ਦੇ ਇਸਤਵਾਨ ਪੇਨੀ ਨੂੰ 0.2 ਨਾਲ ਹਰਾਇਆ। ਨਾਰਵੇ ਦੇ ਜਾਨ ਹਰਮਨ ਹੇਗ ਨੇ 449.9 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ।