ਪਿਤਾ ਦੀ ਫਿੱਟਕਾਰ ਨੇ ਪੂਰਾ ਕੀਤਾ ਸ਼ੁਭਮਨ ਦਾ ਟੀਮ ਇੰਡੀਆ ਲਈ ਖੇਡਣ ਦਾ ਸੁਪਨਾ
Sunday, Jan 13, 2019 - 04:16 PM (IST)

ਨਵੀਂਂ ਦਿੱਲੀ/ਜਲਾਲਾਬਾਦ (ਸੇਤੀਆ) : ਅੰਡਰ-19 ਵਿਸ਼ਵ ਕੱਪ ਦੇ ਹੀਰੋ ਸ਼ੁਭਮਨ ਗਿਲ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਲਈ ਟੀਮ ਇੰਡੀਆ ਚੁਣਿਆ ਗਿਆ ਹੈ। ਸ਼ੁਭਮਨ ਨੂੰ ਜਿਵੇਂ ਹੀ ਇਹ ਖਬਰ ਮਿਲੀ ਤਾਂ ਉਹ ਖੁਸ਼ੀ ਨਾਲ ਛਾਲਾਂ ਮਾਰਨ ਲੱਗੇ। ਉਹ ਆਪਣੇ ਰੂਮ 'ਚੋਂ ਨਿਕਲ ਕੇ ਸਿੱਧਾ ਪਿਤਾ ਕੋਲ ਗਏ ਅਤੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ੁਭਮਨ ਤੋਂ ਇਲਾਵਾ ਵਿਜੇ ਸ਼ੰਕਰ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਪ੍ਰਸ਼ੰਸਕਾਂ ਨੂੰ ਦੱਸ ਦਈਏ ਕਿ ਸ਼ੁਭਮਨ ਗਿਲ ਉਹ ਖਿਡਾਰੀ ਹੈ ਜਿਸ ਦੇ ਦਮ 'ਤੇ ਭਾਰਤ ਨੇ ਅੰਡਰ-19 ਵਿਸ਼ਵ ਕੱਪ 2018 ਦਾ ਖਿਤਾਬ ਆਪਣੇ ਨਾਂ ਕੀਤਾ ਸੀ।
ਗਿਲ ਦੇ ਪੱਖ 'ਚ ਸਾਹਮਣੇ ਆਏ ਯੁਵਰਾਜ
ਯੁਵਰਾਜ ਦੇ ਹਾਲੀਆ ਬਿਆਨ ਤੋਂ ਬਾਅਦ ਚੋਣਕਰਤਾਵਾਂ ਦੀ ਨਜ਼ਰ ਸ਼ੁਭਮਨ ਗਿਲ 'ਤੇ ਪਈ। ਯੁਵੀ ਨੇ ਕਿਹਾ ਸੀ, ''ਗਿਲ ਇਕ ਬੇਹੱਦ ਹੁਨਰਮੰਦ ਖਿਡਾਰੀ ਹੈ। ਬਹੁਤ ਲੰਬੇ ਸਮੇਂ ਬਾਅਦ ਕਿਸੇ ਨੌਜਵਾਨ ਖਿਡਾਰੀ ਦੀ ਬੱਲੇਬਾਜ਼ੀ ਦੇਖਣ ਦਾ ਮਜ਼ਾ ਆਉਂਦਾ ਹੈ। 2019 ਵਿਸ਼ਵ ਕੱਪ ਤੋਂ ਬਾਅਦ ਇਹ ਖਿਡਾਰੀ ਟੀਮ 'ਚ ਪਰਮਾਨੈਂਟ ਜਗ੍ਹਾ ਬਣਾ ਸਕਦਾ ਹੈ। ਅੱਜ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਟੀਮ ਇੰਡੀਆ ਵਿਚ ਜਗ੍ਹਾ ਬਣਾਉਣ ਵਾਲਾ ਇਹ ਖਿਡਾਰੀ ਹੈ ਕੌਣ? ਦੱਸ ਦਈਏ ਕਿ ਸ਼ੁਭਮਨ ਗਿਲ ਨੇ 4 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
100 ਰੁਪਏ ਦੀ ਸ਼ਰਤ ਨੇ ਬਦਲੀ ਕਿਸਮਤ
ਪੰਜਾਬ ਦੇ ਫਾਜ਼ਿਲਕਾ ਜਿਲੇ ਵਿਚ ਚਕ ਖੇਰੇਵਾਲਾ ਪਿੰਡ ਵਿਖੇ ਜਨਮੇ ਸ਼ੁਭਮਨ ਗਿਲ ਬਚਪਨ 'ਚ ਆਪਣੇ ਪਿਤਾ ਨਾਲ ਕ੍ਰਿਕਟ ਖੇਡਦਾ ਸੀ। ਜਦੋਂ ਗਿਲ ਵੱਡੇ ਹੋਏ ਤਾਂ ਆਪਣੇ ਬੇਟੇ ਦੀ ਖੇਡ ਨੂੰ ਹੋਰ ਨਿਖਾਰਣ ਲਈ ਉਸ ਦੇ ਪਿਤਾ ਨੇ ਕਿ ਬਿਹਤਰੀਨ ਯੋਜਨਾ ਬਣਾਈ। ਦਰਅਸਲ ਉਨ੍ਹਾਂ ਨੇ ਆਪਣੇ ਖੇਤ ਨੂੰ ਮੈਦਾਨ ਦੇ ਰੂਪ 'ਚ ਇਸਤੇਮਾਲ ਕੀਤਾ ਅਤੇ ਸ਼ਰਤ ਰੱਖੀ ਕਿ ਜੋ ਵੀ ਸ਼ੁਭਮਨ ਗਿਲ ਨੂੰ ਆਊਟ ਕਰੇਗਾ ਉਸ ਨੂੰ ਉਹ 100 ਰੁਪਏ ਇਨਾਮ ਦੇਣਗੇ। ਇਸ ਤਰ੍ਹਾਂ ਗਿਲ ਲਗਾਤਾਰ ਘੰਟਿਆਂ ਤੱਕ ਬੱਲੇਬਾਜ਼ੀ ਕਰਦੇ। ਆਲੇ-ਦੁਆਲੇ ਦੇ ਪਿੰਡ ਅਤੇ ਸ਼ਹਿਰਾਂ ਤੋਂ ਕ੍ਰਿਕਟ ਖੇਡਣ ਵਾਲੇ ਕਈ ਖਿਡਾਰੀ ਸ਼ੁਭਮਨ ਦੇ ਸਾਹਮਣੇ ਗੇਂਦਬਾਜ਼ੀ ਕਰਦੇ ਅਤੇ ਗਿਲ ਰੋਜ ਕਰੀਬ 3-4 ਘੰਟੇ ਆਰਾਮ ਨਾਲ ਬੱਲੇਬਾਜ਼ੀ ਕਰਦੇ।
ਆਈ. ਪੀ. ਐੱਲ. ਵਿਚ ਮਿਲਿਆ ਮੌਕਾ
ਦੇਖਦਿਆਂ ਹੀ ਦੇਖਦਿਆਂ ਸ਼ੁਭਮਨ ਵੱਡੇ ਬੱਲੇਬਾਜ਼ ਬਣ ਗਏ। ਗਿਲ ਨੇ ਘਰੇਲੂ ਕ੍ਰਿਕਟ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। ਪੰਜਾਬ ਲਈ ਖੇਡਦਿਆਂ ਅੰਡਰ-16 ਦੀ ਵਿਜੇ ਟਰਾਫੀ ਵਿਚ ਉਸ ਨੇ ਪਹਿਲੀ ਵਾਰ ਦੋਹਰਾ ਸੈਂਕੜਾ ਲਾਇਆ। ਇਸ ਦੇ ਲਈ ਉਸ ਨੂੰ ਬੀ. ਸੀ. ਸੀ. ਆਈ. ਵਲੋਂ ਬੈਸਟ ਜੂਨੀਅਰ ਕ੍ਰਿਕਟ ਐਵਾਰਡ ਨਾਲ ਵੀ ਨਵਾਜਿਆ ਗਿਆ। ਇਸ ਤੋਂ ਬਾਅਦ ਸ਼ੁਭਮਨ ਨੂੰ ਅੰਡਰ-19 ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਭਾਰਤੀ ਟੀਮ (ਜੂਨੀਅਰ) ਨੇ ਵਿਸ਼ਵ ਕੱਪ ਜਿੱਤਿਆ। ਇਕ ਛੋਟੇ ਜਿਹੇ ਪਿੰਡ ਦੇ ਇਸ ਹੁਨਰ ਨੂੰ ਪੂਰੀ ਦੁਨੀਆ ਨੇ ਦੇਖਿਆ। ਸ਼ੁਭਮਨ ਗਿਲ ਦੇ ਸ਼ਾਨਦਾਰ ਹੁਨਰ ਨੂੰ ਦੇਖਦਿਆਂ ਆਈ. ਪੀ. ਐੱਲ. ਸੀਜ਼ਨ-11 ਵਿਚ ਉਸ ਨੂੰ ਕੇ. ਕੇ. ਆਰ. ਨੇ ਵੀ ਖਰੀਦਿਆ ਸੀ।