ਸ਼ੁਭਮਨ ਗਿੱਲ ਨੇ ਜਿੱਤਿਆ ਦਿਲ... ਅਫਗਾਨਿਸਤਾਨ ਖਿਲਾਫ ODI ਸੀਰੀਜ਼ ਜਿੱਤ ਇਨ੍ਹਾਂ ਨੂੰ ਫੜਾਈ ਟਰਾਫੀ
Saturday, Jun 20, 2026 - 10:36 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੇ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਫਗਾਨਿਸਤਾਨ ਵਿਰੁੱਧ ਵਨਡੇ ਸੀਰੀਜ਼ ਵਿੱਚ 3-0 ਨਾਲ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਸ਼ਨੀਵਾਰ ਨੂੰ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਮੁਕਾਬਲੇ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।
ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 44.2 ਓਵਰਾਂ ਵਿੱਚ 218 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦੇ ਕਪਤਾਨ ਹਸ਼ਮਤੁੱਲਾ ਸ਼ਾਹੀਦੀ ਨੇ 102 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਘਾਤਕ ਗੇਂਦਬਾਜ਼ੀ ਕਰਦਿਆਂ 23 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ, ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਦਾ ਮੈਚ' ਚੁਣਿਆ ਗਿਆ। ਜਵਾਬ ਵਿੱਚ ਭਾਰਤੀ ਟੀਮ ਨੇ ਯਸ਼ਸਵੀ ਜੈਸਵਾਲ (ਅਜੇਤੂ 110 ਦੌੜਾਂ) ਅਤੇ ਰੋਹਿਤ ਸ਼ਰਮਾ (79 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਇਹ ਟੀਚਾ 128 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ।
𝙏𝙝𝙖𝙩 𝙬𝙞𝙣𝙣𝙞𝙣𝙜 𝙛𝙚𝙚𝙡𝙞𝙣𝙜 🏆#TeamIndia Captain Shubman Gill receives the @IDFCFIRSTBank trophy from BCCI President Mr. Mithun Manhas @MithunManhas after a convincing clean sweep 🙌#INDvAFG | @ShubmanGill pic.twitter.com/qjPtw4R4D4
— BCCI (@BCCI) June 20, 2026
ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਬੀ.ਸੀ.ਸੀ.ਆਈ. ਪ੍ਰਧਾਨ ਮਿਥੁਨ ਮਨਹਾਸ ਤੋਂ ਟਰਾਫੀ ਲੈਣ ਤੋਂ ਤੁਰੰਤ ਬਾਅਦ, ਗਿੱਲ ਨੇ ਇਸ ਨੂੰ ਟੀਮ ਦੇ ਨੌਜਵਾਨ ਖਿਡਾਰੀਆਂ ਗੁਰਨੂਰ ਬਰਾਰ, ਪ੍ਰਿੰਸ ਯਾਦਵ ਅਤੇ ਹਰਸ਼ ਦੁਬੇ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਗਿੱਲ ਨੇ ਮਹਿੰਦਰ ਸਿੰਘ ਧੋਨੀ ਦੁਆਰਾ ਸ਼ੁਰੂ ਕੀਤੀ ਉਸ ਪਰੰਪਰਾ ਨੂੰ ਬਰਕਰਾਰ ਰੱਖਿਆ ਜਿੱਥੇ ਸੀਨੀਅਰ ਕਪਤਾਨ ਜਿੱਤ ਦੀ ਟਰਾਫੀ ਨਵੇਂ ਖਿਡਾਰੀਆਂ ਨੂੰ ਦਿੰਦੇ ਹਨ। ਇਹ ਤਿੰਨੋਂ ਖਿਡਾਰੀ ਇਸੇ ਸੀਰੀਜ਼ ਵਿੱਚ ਅੰਤਰਰਾਸ਼ਟਰੀ ਡੈਬਿਊ ਕਰ ਰਹੇ ਸਨ।
ਸ਼ੁਭਮਨ ਗਿੱਲ, ਜਿਨ੍ਹਾਂ ਨੂੰ 'ਪਲੇਅਰ ਆਫ ਦਾ ਸੀਰੀਜ਼' ਚੁਣਿਆ ਗਿਆ, ਲਈ ਬਤੌਰ ਕਪਤਾਨ ਇਹ ਪਹਿਲੀ ਵਨਡੇ ਸੀਰੀਜ਼ ਜਿੱਤ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਭਾਰਤੀ ਟੀਮ ਦਾ ਅਗਲਾ ਵੱਡਾ ਟੀਚਾ ਇੰਗਲੈਂਡ ਦੌਰਾ ਹੋਵੇਗਾ। ਹਾਲਾਂਕਿ, ਹਾਰਦਿਕ ਪੰਡਿਆ ਦੇ ਸੱਟ ਕਾਰਨ ਇੰਗਲੈਂਡ ਦੌਰੇ ਤੋਂ ਬਾਹਰ ਹੋਣ ਦੀ ਖਬਰ ਟੀਮ ਲਈ ਇੱਕ ਝਟਕਾ ਹੈ।
