ਦਲੀਪ ਟਰਾਫੀ : ਜੰਮੂ ਕਸ਼ਮੀਰ ਦੇ ਵਧਾਵਨ ਨੂੰ ਮਿਲੀ ਉੱਤਰ ਖੇਤਰ ਦੀ ਕਮਾਨ, ਅਰਸ਼ਦੀਪ ਸਿੰਘ ਵੀ ਟੀਮ ’ਚ

Tuesday, Aug 04, 2026 - 10:38 AM (IST)

ਦਲੀਪ ਟਰਾਫੀ : ਜੰਮੂ ਕਸ਼ਮੀਰ ਦੇ ਵਧਾਵਨ ਨੂੰ ਮਿਲੀ ਉੱਤਰ ਖੇਤਰ ਦੀ ਕਮਾਨ, ਅਰਸ਼ਦੀਪ ਸਿੰਘ ਵੀ ਟੀਮ ’ਚ

ਨਵੀਂ ਦਿੱਲੀ- ਭਾਰਤੀ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 23 ਅਗਸਤ ਤੋਂ ਸ਼ੁਰੂ ਹੋਣ ਵਾਲੀ ਦਲੀਪ ਟਰਾਫੀ ਲਈ ਜੰਮੂ -ਕਸ਼ਮੀਰ ਦੇ ਵਿਕਟਕੀਪਰ ਕਨ੍ਹੱਈਆ ਵਧਾਵਨ ਦੀ ਅਗਵਾਈ ਵਾਲੀ ਉੱਤਰ ਖੇਤਰ ਦੀ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸੀਮਤ ਓਵਰਾਂ ਦੇ ਮਾਹਿਰ ਅਰਸ਼ਦੀਪ ਨੂੰ 2025 ’ਚ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ’ਚ ਜਗ੍ਹਾ ਮਿਲੀ ਸੀ ਪਰ ਸੱਟ ਅਤੇ ਟੀਮ ਸੁਮੇਲ ਕਾਰਨ ਉਹ ਟੈਸਟ ਕ੍ਰਿਕਟ ’ਚ ਡੈਬਿਊ ਨਹੀਂ ਕਰ ਸਕਿਆ ਸੀ।

ਹਾਲ ਹੀ ’ਚ ਭਾਰਤੀ ਟੈਸਟ ਟੀਮ ਤੋਂ ਬਾਹਰ ਹੋਏ ਹਰਿਆਣਾ ਦੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਵੀ ਉੱਤਰ ਖੇਤਰ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੀ ਇਤਿਹਾਸਕ ਰਣਜੀ ਟਰਾਫੀ ਜਿੱਤ ਤੋਂ ਬਾਅਦ ਚੋਣਕਾਰਾਂ ਨੇ ਉੱਥੋਂ ਦੇ 6 ਖਿਡਾਰੀਆਂ ਨੂੰ ਟੀਮ ’ਚ ਜਗ੍ਹਾ ਦੇ ਕੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਸਤਿਕਾਰ ਕੀਤਾ ਹੈ। ਵਧਾਵਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕਾਮਰਾਨ ਇਕਬਾਲ, ਆਲਰਾਊਂਡਰ ਅਬਦੁਲ ਸਮਦ, ਖੱਬੇ ਹੱਥ ਦਾ ਸਪਿੰਨਰ ਆਬਿਦ ਮੁਸ਼ਤਾਕ, ਤੇਜ਼ ਗੇਂਦਬਾਜ਼ ਸੁਨੀਲ ਕੁਮਾਰ ਅਤੇ ਯੁਧਵੀਰ ਸਿੰਘ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਦਿੱਲੀ ਦੇ ਆਯੂਸ਼ ਬਾਦੋਨੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਜੰਮੂ-ਕਸ਼ਮੀਰ ਦੇ ਕਪਤਾਨ ਤੇ 41 ਸਾਲਾ ਤਜਰਬੇਕਾਰ ਬੱਲੇਬਾਜ਼ ਪਾਰਸ ਡੋਗਰਾ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ। ਚੋਣਕਾਰਾਂ ਦਾ ਮੰਨਣਾ ਹੈ ਕਿ ਦਲੀਪ ਟਰਾਫੀ ਰਾਸ਼ਟਰੀ ਪੱਧਰ ’ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਾਲੇ ਖਿਡਾਰੀਆਂ ਲਈ ਮਹੱਤਵਪੂਰਨ ਮੰਚ ਹੈ।

ਉੱਤਰ ਖੇਤਰ ਦੀ ਟੀਮ : ਕਨ੍ਹੱਈਆ ਵਧਾਵਨ (ਕਪਤਾਨ), ਆਯੂਸ਼ ਬਾਦੋਨੀ (ਉਪ ਕਪਤਾਨ), ਸਨਤ ਸਾਂਗਵਾਨ, ਕਾਮਰਾਨ ਇਕਬਾਲ, ਯਸ਼ ਢੁੱਲ, ਆਯੂਸ਼ ਦੋਸੇਜਾ, ਅਬਦੁਲ ਸਮਦ, ਨਿਸ਼ਾਂਤ ਸਿੰਧੂ, ਅਰਜੁਨ ਸ਼ਰਮਾ, ਆਬਿਦ ਮੁਸ਼ਤਾਕ, ਅਰਸ਼ਦੀਪ ਸਿੰਘ, ਸੁਨੀਲ ਕੁਮਾਰ, ਅੰਸ਼ੁਲ ਕੰਬੋਜ, ਯੁਧਵੀਰ ਸਿੰਘ ਤੇ ਨਿਖਿਲ ਕਸ਼ਯਪ।


author

Tarsem Singh

Content Editor

Related News