ਸ਼ੁਭਮਨ ਗਿੱਲ ਦਾ ਕਰੀਅਰ ਖਰਾਬ ਕਰ ਰਹੀ ਹੈ ਟੀਮ ਇੰਡੀਆ, ਭੱਜੀ ਦਾ ਵੱਡਾ ਦੋਸ਼
Monday, Mar 02, 2020 - 06:27 PM (IST)
ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਵਿਚ ਕਲੀਨ ਸਵੀਪ ਝੱਲਣ ਵਾਲੀ ਟੀਮ ਇੰਡੀਆ ਦਾ ਇਹ ਟੈਸਟ ਸੀਰੀਜ਼ ਵੀ ਸੂਪੜਾ ਸਾਫ ਹੋ ਗਿਆ। ਇਸ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਪ੍ਰਦਰਸ਼ਨ ’ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ। ਭਾਰਤ ਦੇ ਧਾਕੜ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਭਾਰਤੀ ਟੀਮ ਦੀ ਸੋਚ ਅਤੇ ਫੈਸਲਿਆਂ ’ਤੇ ਸਵਾਲ ਖੜੇ ਕਰ ਦਿੱਤੇ ਹਨ। ਹਰਭਜਨ ਸਿੰਘ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦਾ ਮੈਨੇਜਮੈਂਟ ਸ਼ੁਭਮਨ ਗਿੱਲ ਵਰਗੇ ਹੁਨਰਮੰਦ ਖਿਡਾਰੀਆਂ ਦਾ ਕਰੀਅਰ ਖਰਾਬ ਕਰ ਕਿਹਾ ਹੈ।
ਸ਼ੁਭਮਨ ਗਿੱਲ ਨੂੰ ਨਹੀਂ ਮਿਲਿਆ ਮੌਕਾ
ਹਰਭਜਨ ਸਿੰਘ ਨੇ ਕ੍ਰਾਈਸਟਚਰਚ ਟੈਸਟ ਵਿਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਸ਼ੁਭਮਨ ਗਿੱਲ ਨੂੰ ਸੀਰੀਜ਼ ਵਿਚ ਘੱਟ ਤੋਂ ਘੱਟ ਇਕ ਮੌਕਾ ਮਿਲਣਾ ਚਾਹੀਦਾ ਸੀ ਪਰ ਉਸ ਨੂੰ ਬੈਂਚ ’ਤੇ ਬਿਠਾਈ ਰੱਖਿਆ। ਹਰਭਜਨ ਸਿੰਘ ਨੇ ਸਟਾਰ ਸਪੋਰਟਸ ਦੇ ਸ਼ੋਅ ਵਿਚ ਕਿਹਾ, ‘‘ਸ਼ੁਭਮਨ ਗਿੱਲ ਟੈਸਟ ਟੀਮ ਵਿਚ ਜਗ੍ਹਾ ਪਾਉਣ ਦੇ ਹੱਕਦਾਰ ਸਨ। ਉਹ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਵਿਚ ਵੀ ਟੀਮ ਵਿਚ ਸਨ ਪਰ ਪਿ੍ਰਥਵੀ ਸ਼ਾਹ ਨੂੰ ਉਸ ਤੋਂ ਪਹਿਲਾਂ ਮੌਕਾ ਦੇ ਦਿੱਤਾ ਗਿਆ, ਜਦਕਿ ਰੋਹਿਤ ਸ਼ਰਮਾ ਦੇ ਜ਼ਖਮੀ ਹੋਣ ਤੋਂ ਬਾਅਦ ਸ਼ੁਭਮਨ ਨੂੰ ਮੌਕਾ ਮਿਲਣਾ ਚਾਹੀਦਾ ਸੀ। ਮੈਨੂੰ ਲਗਦਾ ਹੈ ਕਿ ਟੀਮ ਇੰਡੀ ਮੈਨੇਜਮੈਂਟ ਨੂੰ ਇਸ ’ਤੇ ਸੋਚਣਾ ਚਾਹੀਦਾ ਹੈ। ਕਿਉਂਕਿ ਇਹ ਨੌਜਵਾਨ ਹੁਨਰਮੰਦ ਖਿਡਾਰੀ ਦਾ ਕਰੀਅਰ ਖਰਾਬ ਕਰਨ ਵਾਲੀ ਗੱਲ ਹੈ।