ਇੰਗਲੈਂਡ ਦੀ ਤੇਜ਼ ਗੇਂਦਬਾਜ਼ ਅਨਿਆ ਸ਼ਰਬਸੋਲ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
Thursday, Apr 14, 2022 - 05:09 PM (IST)
ਲੰਡਨ (ਏਜੰਸੀ)- ਇੰਗਲੈਂਡ ਦੀ ਤੇਜ਼ ਗੇਂਦਬਾਜ਼ ਅਨਿਆ ਸ਼ਰਬਸੋਲ ਨੇ ਵੀਰਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। 14 ਸਾਲਾਂ ਦੇ ਆਪਣੇ ਕਰੀਅਰ ਵਿੱਚ, ਦੋ ਵਾਰ ਦੀ ਮਹਿਲਾ ਵਿਸ਼ਵ ਕੱਪ ਜੇਤੂ ਸ਼ਰਬਸੋਲ ਆਪਣੇ ਤਿੱਖੇ ਸਵਿੰਗਸ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ 8 ਟੈਸਟ, 86 ਵਨਡੇ ਅਤੇ 79 ਟੀ-20 ਮੈਚਾਂ ਵਿੱਚ ਕ੍ਰਮਵਾਰ 19, 106 ਅਤੇ 102 ਵਿਕਟਾਂ ਲਈਆਂ ਹਨ। ਸ਼ਰਬਸੋਲ ਭਾਰਤ ਦੇ ਖਿਲਾਫ 2017 ਵਿਸ਼ਵ ਕੱਪ ਫਾਈਨਲ ਦੀ ਸਟਾਰ ਰਹੀ ਸੀ। 5 ਸਾਲ ਪਹਿਲਾਂ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ 46 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ, ਜੋ ਉਨ੍ਹਾਂ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਉਹ 2009 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਵੀ ਹਿੱਸਾ ਸੀ। ਇਸ ਤੋਂ ਇਲਾਵਾ ਇਸ ਮਹੀਨੇ ਦੀ ਸ਼ੁਰੂਆਤ 'ਚ ਵਿਸ਼ਵ ਕੱਪ ਫਾਈਨਲ 'ਚ ਆਸਟ੍ਰੇਲੀਆ ਤੋਂ ਮਿਲੀ ਹਾਰ 'ਚ ਵੀ ਉਹ ਟੀਮ ਦੇ ਨਾਲ ਸੀ।
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, 'ਮੈਂ ਪਿਛਲੇ 14 ਸਾਲਾਂ ਤੋਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਇਸ ਤਰ੍ਹਾਂ ਦੇ ਵਿਕਾਸ ਦੇ ਸਮੇਂ ਵਿੱਚ ਮਹਿਲਾ ਕ੍ਰਿਕਟ ਵਿੱਚ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ ਪਰ ਮੈਨੂੰ ਲਈ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਮੇਰੇ ਨਾਲੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇਸ ਲਈ ਮੇਰੇ ਲਈ ਇਸ ਤੋਂ ਦੂਰ ਰਹਿਣ ਦਾ ਸਮਾਂ ਆ ਗਿਆ ਹੈ।' ਉਨ੍ਹਾਂ ਕਿਹਾ, 'ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਇੰਨੀ ਖੁਸ਼ਕਿਸਮਤ ਹੋਵਾਂਗੀ ਅਤੇ ਇੰਨੇ ਲੰਬੇ ਸਮੇਂ ਤੱਕ ਇੰਗਲੈਂਡ ਲਈ ਖੇਡਾਂਗੀ। ਇਸ ਸਫ਼ਰ ਵਿੱਚ ਕਈ ਉਤਰਾਅ-ਚੜ੍ਹਾਅ ਆਏ ਪਰ 2017 ਵਿੱਚ ਲਾਰਡਸ ਵਿੱਚ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੀ ਟਰਾਫੀ ਚੁੱਕਣ ਦੇ ਬਾਅਦ ਸਭ ਸਫ਼ਲ ਹੋ ਗਿਆ।'