ਸ਼੍ਰੀ ਚਰਣੀ ਨੇ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ ਕੀਤੀ ਹਾਸਲ, ਦੀਪਤੀ ਦੂਜੇ ਸਥਾਨ ''ਤੇ ਪੁੱਜੀ
Tuesday, Sep 15, 2026 - 04:36 PM (IST)
ਦੁਬਈ : ਭਾਰਤੀ ਸਪਿਨਰ ਸ਼੍ਰੀ ਚਰਣੀ ਨੇ ਆਪਣੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕਾਂ ਨਾਲ ਆਈਸੀਸੀ ਮਹਿਲਾ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਆਪਣਾ ਪਹਿਲਾ ਸਥਾਨ ਹੋਰ ਮਜ਼ਬੂਤ ਕਰ ਲਿਆ ਹੈ, ਜਦੋਂ ਕਿ ਉਨ੍ਹਾਂ ਦੀ ਸਾਥੀ ਖਿਡਾਰਨ ਦੀਪਤੀ ਸ਼ਰਮਾ ਚਾਰ ਦਰਜੇ ਦੀ ਛਾਲ ਮਾਰ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਸ਼੍ਰੀ ਚਰਣੀ ਨੇ ਸ਼੍ਰੀਲੰਕਾ ਵਿਰੁੱਧ ਏਸ਼ੀਆ ਕੱਪ ਦੇ ਫਾਈਨਲ 'ਚ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਿਸ ਨਾਲ ਉਨ੍ਹਾਂ ਦੇ ਰੇਟਿੰਗ ਅੰਕ 804 ਹੋ ਗਏ ਹਨ। ਉਹ ਆਈਸੀਸੀ ਰੈਂਕਿੰਗ ਵਿੱਚ ਸਭ ਤੋਂ ਵੱਧ ਰੇਟਿੰਗ ਹਾਸਲ ਕਰਨ ਵਾਲੀ ਭਾਰਤੀ ਖਿਡਾਰਨ ਬਣ ਗਈ ਹੈ, ਜਿਨ੍ਹਾਂ ਨੇ ਮਿਤਾਲੀ ਰਾਜ (780 ਅੰਕ) ਦਾ ਰਿਕਾਰਡ ਤੋੜਿਆ ਹੈ। ਏਸ਼ੀਆ ਕੱਪ ਵਿੱਚ ਸਭ ਤੋਂ ਵੱਧ 14 ਵਿਕਟਾਂ ਲੈਣ ਵਾਲੀ ਦੀਪਤੀ ਸ਼ਰਮਾ ਹੁਣ ਦੂਜੇ ਨੰਬਰ 'ਤੇ ਆ ਗਈ ਹੈ।
ਬੱਲੇਬਾਜ਼ੀ ਰੈਂਕਿੰਗ ਵਿੱਚ ਭਾਰਤ ਦੀ ਸ਼ੈਫਾਲੀ ਵਰਮਾ ਸੱਤਵੇਂ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ। ਏਸ਼ੀਆ ਕੱਪ 'ਚ ਸਭ ਤੋਂ ਵੱਧ 236 ਰਨ ਬਣਾਉਣ ਵਾਲੀ ਸ਼ੈਫਾਲੀ ਦੇ ਹੁਣ 741 ਰੇਟਿੰਗ ਅੰਕ ਹੋ ਗਏ ਹਨ ਅਤੇ ਉਹ ਪੰਜਵੇਂ ਸਥਾਨ 'ਤੇ ਮੌਜੂਦ ਸਮ੍ਰਿਤੀ ਮੰਧਾਨਾ (745 ਅੰਕ) ਤੋਂ ਸਿਰਫ਼ ਇੱਕ ਸਥਾਨ ਪਿੱਛੇ ਹੈ। ਇਸ ਤੋਂ ਇਲਾਵਾ, ਸ਼ੈਫਾਲੀ ਆਲਰਾਊਂਡਰਾਂ ਦੀ ਰੈਂਕਿੰਗ 'ਚ ਵੀ 5 ਦਰਜੇ ਸੁਧਾਰ ਨਾਲ ਆਪਣੇ ਕਰੀਅਰ ਦੀ ਸਰਵੋਤਮ 15ਵੀਂ ਰੈਂਕਿੰਗ 'ਤੇ ਪਹੁੰਚ ਗਈ ਹੈ। ਹੋਰ ਭਾਰਤੀ ਗੇਂਦਬਾਜ਼ਾਂ ਵਿੱਚ ਨੰਦਨੀ ਸ਼ਰਮਾ 94ਵੇਂ ਅਤੇ ਲੇਗ ਸਪਿਨਰ ਪ੍ਰੇਮਾ ਰਾਵਤ 96ਵੇਂ ਸਥਾਨ 'ਤੇ ਪਹੁੰਚ ਗਈਆਂ ਹਨ।
