ਭਾਰਤ ''ਚ 4 ਵਾਰ ਹੋ ਚੁੱਕੇ ਹਨ ਵਿਸ਼ਵ ਕੱਪ ਫਾਈਨਲ ਮੁਕਾਬਲੇ, ਜਾਣੋ ਕਦੋਂ-ਕਿਹੜੀ ਟੀਮ ਬਣੀ ਸੀ ਚੈਂਪੀਅਨ
Thursday, Jun 29, 2023 - 03:43 PM (IST)
ਸਪੋਰਟਸ ਡੈਸਕ- ਆਈਸੀਸੀ ਵਨਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਟੂਰਨਾਮੈਂਟ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਜਦਕਿ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਖਿਤਾਬ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਨੂੰ ਘਰੇਲੂ ਮੈਦਾਨਾਂ ਦਾ ਫ਼ਾਇਦਾ ਮਿਲੇਗਾ। ਉਮੀਦ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਫਾਈਨਲ 'ਚ ਪਹੁੰਚ ਕੇ ਖਿਤਾਬ ਜਿੱਤੇਗੀ। ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਹਾਲਾਂਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਹੁਣ ਤੱਕ 2 ਮੈਦਾਨਾਂ 'ਤੇ 4 ਆਈਸੀਸੀ ਵਿਸ਼ਵ ਕੱਪ ਫਾਈਨਲ ਮੈਚ ਖੇਡ ਚੁੱਕਾ ਹੈ, ਜਿਸ 'ਚ 3 ਵਾਰ ਟੀਮ ਇੰਡੀਆ ਫਾਈਨਲ 'ਚ ਨਹੀਂ ਪਹੁੰਚ ਸਕੀ, ਜਦਕਿ ਇਕ ਵਾਰ ਟੀਮ ਚੈਂਪੀਅਨ ਬਣਨ 'ਚ ਸਫ਼ਲ ਰਹੀ। ਤਾਂ ਆਓ ਜਾਣਦੇ ਹਾਂ ਭਾਰਤ 'ਚ ਵਿਸ਼ਵ ਕੱਪ ਦੇ ਫਾਈਨਲ ਮੈਚ ਕਦੋਂ ਅਤੇ ਕਿੱਥੇ ਹੋਏ ਹਨ-
ਸਾਲ 1987 (ਕੋਲਕਾਤਾ)
ਭਾਰਤ ਨੂੰ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਮੌਕਾ ਸਾਲ 1987 ਵਨਡੇ ਵਿਸ਼ਵ ਕੱਪ 'ਚ ਮਿਲਿਆ। ਫਿਰ ਫਾਈਨਲ ਮੈਚ 8 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਹੋਇਆ। ਇਹ ਮੈਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ, ਜਿਸ 'ਚ ਕੰਗਾਰੂ ਟੀਮ 7 ਦੌੜਾਂ ਨਾਲ ਜਿੱਤ ਕੇ ਚੈਂਪੀਅਨ ਬਣੀ।
ਸਾਲ 2006 (ਮੁੰਬਈ)
ਆਈਸੀਸੀ ਚੈਂਪੀਅਨਜ਼ ਟਰਾਫੀ 2006 ਦਾ ਫਾਈਨਲ ਮੁੰਬਈ 'ਚ ਖੇਡਿਆ ਗਿਆ ਸੀ। ਉਦੋਂ ਭਾਰਤੀ ਟੀਮ ਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ, ਜਦੋਂ ਕਿ 5 ਨਵੰਬਰ ਨੂੰ ਆਸਟ੍ਰੇਲੀਆ ਅਤੇ ਵਿੰਡੀਜ਼ ਦੀਆਂ ਟੀਮਾਂ ਖਿਤਾਬੀ ਮੁਕਾਬਲੇ ਲਈ ਆਹਮੋ-ਸਾਹਮਣੇ ਸਨ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ ਕੀਤਾ।
ਸਾਲ 2011 (ਮੁੰਬਈ)
ਭਾਰਤ ਨੂੰ ਉਸ ਸਮੇਂ ਦੂਜੀ ਵਾਰ ਆਈਸੀਸੀ ਵਨਡੇ ਵਿਸ਼ਵ ਕੱਪ 2011 ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਫਾਈਨਲ 'ਚ ਥਾਂ ਬਣਾਈ, ਜਿੱਥੇ ਫਿਰ ਉਸ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਇੱਕ ਰੋਜ਼ਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਕਪਿਲ ਦੇਵ ਦੀ ਕਪਤਾਨੀ 'ਚ 1983 ਦੇ ਵਿਸ਼ਵ ਕੱਪ 'ਚ ਚੈਂਪੀਅਨ ਬਣਿਆ ਸੀ।
ਸਾਲ 2016 (ਕੋਲਕਾਤਾ)
ਭਾਰਤ ਨੇ 2016 'ਚ ਆਈਸੀਸੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕੀਤੀ ਸੀ। ਫਿਰ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚੀ ਪਰ ਉਥੇ ਉਸ ਨੂੰ ਵਿੰਡੀਜ਼ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿੰਡੀਜ਼ ਨੇ ਫਿਰ ਕੋਲਕਾਤਾ ਦੇ ਈਡਨ ਗਾਰਡਨ 'ਚ ਫਾਈਨਲ 'ਚ ਇੰਗਲੈਂਡ ਦਾ ਸਾਹਮਣਾ ਕੀਤਾ ਜਿੱਥੇ ਉਨ੍ਹਾਂ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਹ ਉਹੀ ਮੈਚ ਹੈ ਜਿਸ 'ਚ ਕਾਰਲੋਸ ਬ੍ਰੈਥਵੇਟ ਨੇ ਆਖਰੀ ਓਵਰ 'ਚ ਲਗਾਤਾਰ 4 ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।