ਸ਼ੋਆਨ ਗਾਂਗੁਲੀ 400 ਮੀਟਰ ਵਿਅਕਤੀਗਤ ਮੇਡਲੇ ’ਚ 28ਵੇਂ ਸਥਾਨ ’ਤੇ ਰਿਹਾ
Monday, Aug 04, 2025 - 11:30 AM (IST)

ਸਿੰਗਾਪੁਰ- ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸ਼ੋਆਨ ਗਾਂਗੁਲੀ ਐਤਵਾਰ ਨੂੰ ਇੱਥੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 400 ਮੀਟਰ ਵਿਅਕਤੀਗਤ ਮੇਡਲੇ ਵਿਚ 28ਵੇਂ ਸਥਾਨ ’ਤੇ ਰਿਹਾ, ਜਿਸ ਦੇ ਨਾਲ ਭਾਰਤ ਦੀ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਮੁਹਿੰਮ ਦਾ ਨਿਰਾਸ਼ਾਜਨਕ ਅੰਤ ਵੀ ਹੋ ਗਿਆ।
ਇਸ 20 ਸਾਲਾ ਖਿਡਾਰੀ ਨੇ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਨਵਾਂ ਰਿਕਾਰਡ ਬਣਾਇਆ ਸੀ ਪਰ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਇੱਥੇ ਦੋਹਰਾ ਨਹੀਂ ਸਕਿਆ ਤੇ ਚਾਰ ਮਿੰਟ 30.40 ਸੈਕੰਡ ਦਾ ਸਮਾਂ ਲੈ ਕੇ 8 ਖਿਡਾਰੀਆਂ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਿਹਾ। ਇਹ ਕੋਸ਼ਿਸ਼ ਉਸਦੇ ਸਰਵੋਤਮ ਭਾਰਤੀ ਸਮੇਂ 4:24.64 ਤੋਂ ਕਾਫੀ ਪਿੱਛੇ ਸੀ ਜਿਹੜਾ ਉਸ ਨੇ ਜੂਨ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਦੌਰਾਨ ਬਣਾਇਆ ਸੀ। ਭਾਰਤੀ ਤੈਰਾਕਾਂ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤੇ ਕੋਈ ਵੀ ਆਪਣੀ ਹੀਟ ਤੋਂ ਅੱਗੇ ਨਹੀਂ ਵੱਧ ਸਕਿਆ ਹੈ।