ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਦੌੜਾਂ ਨਹੀਂ ਬਣ ਰਹੀਆਂ ਸਨ : ਧਵਨ

09/19/2018 2:52:08 PM

ਦੁਬਈ— ਹਾਂਗਕਾਂਗ ਦੇ ਖਿਲਾਫ ਏਸ਼ੀਆ ਕੱਪ 2018 ਦੇ ਪਹਿਲੇ ਮੈਚ 'ਚ ਸੈਂਕੜੇ ਤੋਂ ਪਹਿਲਾਂ ਸ਼ਿਖਰ ਧਵਨ ਦੌੜਾਂ ਬਣਾਉਣ ਲਈ ਜੂਝ ਰਹੇ ਸਨ ਪਰ ਭਾਰਤ ਦੇ ਇਸ ਸਲਾਮੀ ਬੱਲੇਬਾਜ਼ ਨੇ ਦਾਅਵਾ ਕੀਤਾ ਕਿ ਉਹ ਕਦੀ ਖਰਾਬ ਫਾਰਮ 'ਚ ਨਹੀਂ ਸਨ। ਧਵਨ ਨੇ ਹਾਂਗਕਾਂਗ ਦੇ ਖਿਲਾਫ ਮੰਗਲਵਾਰ ਨੂੰ 127 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ 26 ਦੌੜਾਂ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ। ਇਸ ਸਲਾਮੀ ਬੱਲੇਬਾਜ਼ ਨੇ 14ਵਾਂ ਇਕ ਰੋਜ਼ਾ ਸੈਂਕੜਾ ਜੜਨ ਦੇ ਬਾਅਦ ਕਿਹਾ, ''ਇਹ ਫਾਰਮ ਦਾ ਸਵਾਲ ਨਹੀਂ ਹੈ, ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਦੌੜਾਂ ਨਹੀਂ ਬਣਾ ਸਕਿਆ ਸੀ। ਦੌੜਾਂ ਵੀ ਬਣਾਉਣਾ ਸ਼ਾਨਦਾਰ ਹੈ।''   
PunjabKesari
ਇੰਗਲੈਂਡ 'ਚ ਟੈਸਟ ਲੜੀ ਦੀਆਂ ਅੱਠ ਪਾਰੀਆਂ 'ਚ ਧਵਨ ਇਕ ਵੀ ਅਰਧ ਸੈਂਕੜਾ ਨਹੀਂ ਜੜ ਸਕੇ। ਹਾਲ ਹੀ 'ਚ ਇਕ ਰੋਜ਼ਾ ਕੌਮਾਂਤਰੀ ਮੈਚਾਂ 'ਚ ਉਹ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਬਦਲਣ 'ਚ ਅਸਫਲ ਰਹੇ। ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਭਾਰਤ ਲਈ ਹਾਂਗਕਾਂਗ 'ਤੇ ਪਹਿਲੇ ਮੈਚ 'ਚ ਜਿੱਤ ਆਸਾਨ ਨਹੀਂ ਸੀ ਅਤੇ ਇਕ ਵਾਰ ਫਿਰ ਟੀਮ ਇੰਡੀਆ ਦੇ ਕਮਜ਼ੋਰ ਮੱਧ ਕ੍ਰਮ ਨੂੰ ਲੈ ਸਵਾਲ ਉਠਣ ਲੱਗੇ ਹਨ ਜਿਸ ਨਾਲ ਇੰਗਲੈਂਡ ਦੌਰੇ 'ਤੇ ਜੂਝਣਾ ਪਿਆ ਸੀ। ਧਵਨ ਨੇ ਹਾਲਾਂਕਿ ਟੀਮ ਦੇ ਆਪਣੇ ਸਾਥੀਆਂ ਦਾ ਬਚਾਅ ਕਰਦੇ ਹੋਏ ਕਿਹਾ, ''ਪਿਛਲੇ ਚਾਰ ਸਾਲਾਂ 'ਚ ਅਸੀਂ ਇੰਨੀਆਂ ਸੀਰੀਜ਼ ਜਿੱਤੀਆਂ ਹਨ ਅਤੇ ਕੁਝ ਗੁਆਈਆਂ ਵੀ ਹਨ। ਅਸੀਂ ਇਨਸਾਨ ਹਾਂ। ਚਿੰਤਾ ਇੰਨੀ ਵੀ ਨਹੀਂ ਹੋਣੀ ਚਾਹੀਦੀ ਹੈ ਕਿ ਚੰਗੇ ਨਤੀਜਿਆਂ ਨੂੰ ਭੁਲਾ ਦਿੱਤਾ ਜਾਵੇ।'' ਕੁਝ ਅਸਫਲਤਾਵਾਂ ਸਾਰੀਆਂ ਜਿੱਤ 'ਤੇ ਹਾਵੀ ਨਹੀਂ ਹੋਣੀਆਂ ਚਾਹੀਦੀਆਂ ਹਨ।


Related News