ਸ਼ੈਫਾਲੀ ਮੁੜ ਬਣੀ ਦੁਨੀਆ ਦੀ ਨੰਬਰ ਇਕ ਟੀ-20 ਬੱਲੇਬਾਜ਼
Tuesday, Jan 25, 2022 - 04:25 PM (IST)
ਦੁਬਈ (ਵਾਰਤਾ)- ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਮੰਗਲਵਾਰ ਨੂੰ ਆਈ.ਸੀ.ਸੀ. ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਮੁੜ ਤੋਂ ਨੰਬਰ ਇਕ ਸਥਾਨ ਹਾਸਲ ਕਰ ਲਿਆ। ਆਈ.ਸੀ.ਸੀ. ਵੱਲੋਂ ਜਾਰੀ ਤਾਜ਼ਾ ਟੀ-20 ਰੈਂਕਿੰਗ ਵਿਚ ਨੌਜਵਾਨ ਭਾਰਤੀ ਬੱਲੇਬਾਜ਼ ਸ਼ੈਫਾਲੀ ਨੇ ਅਨੁਭਵੀ ਆਸਟਰੇਲੀਆਈ ਬੱਲੇਬਾਜ਼ ਬੇਥ ਮੂਨੀ ਨੂੰ ਪਛਾੜ ਕੇ 726 ਰੇਟਿੰਗ ਅੰਕਾਂ ਨਾਲ ਨੰਬਰ ਇਕ ਸਥਾਨ ਹਾਸਲ ਕੀਤਾ ਹੈ। ਮੂਨੀ ਦੇ 724 ਅੰਕ ਹਨ। 18 ਸਾਲਾ ਸ਼ੈਫਾਲੀ ਨੇ ਪਹਿਲੀ ਵਾਰ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2020 ਦੌਰਾਨ ਸਿਖ਼ਰ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ 'ਚਿਊਇੰਗਮ' ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ
ਰੈਂਕਿੰਗ ਵਿਚ ਆਸਟਰੇਲੀਆ ਦੀ ਕਪਤਾਨ ਮੇਗ ਲੈਨਿੰਗ 719 ਅੰਕਾਂ ਨਾਲ ਤੀਜੇ ਅਤੇ ਭਾਰਤ ਦੀ ਸਮ੍ਰਿਤੀ ਮੰਧਾਨਾ 709 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਇਸ ਤੋਂ ਇਲਾਵਾ ਭਾਰਤੀ ਆਫ ਸਪਿਨਰ ਦੀਪਤੀ ਸ਼ਰਮਾ 685 ਅੰਕਾਂ ਨਾਲ ਗੇਂਦਬਾਜ਼ਾਂ ਦੀ ਸੂਚੀ ਵਿਚ ਚੌਥੇ ਨੰਬਰ ’ਤੇ ਆ ਗਈ ਹੈ। ਇੰਗਲੈਂਡ ਦੀ ਸਪਿਨਰ ਸੋਫੀ ਏਕਲਸਟੋਨ 761 ਅੰਕਾਂ ਨਾਲ ਸਿਖ਼ਰ ’ਤੇ ਹੈ, ਜਦਕਿ ਉਸ ਦੀ ਹਮਵਤਨ ਸਾਰਾ ਗਲੇਨ 722 ਅੰਕਾਂ ਨਾਲ ਦੂਜੇ ਅਤੇ ਦੱਖਣੀ ਅਫਰੀਕਾ ਦੀ ਸ਼ਬਨੀਮ ਇਸਮਾਈਲ 718 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਆਲਰਾਊਂਡਰ ਰੈਂਕਿੰਗ ਵਿਚ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਪਹਿਲੇ ਨੰਬਰ ’ਤੇ ਬਰਕਰਾਰ ਹੈ, ਜਦਕਿ ਇੰਗਲੈਂਡ ਦੀ ਨਤਾਲੀ ਸਾਇਵਰ ਦੂਜੇ ਅਤੇ ਭਾਰਤ ਦੀ ਦੀਪਤੀ ਸ਼ਰਮਾ ਤੀਜੇ ਸਥਾਨ ’ਤੇ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।