ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ
Monday, Aug 09, 2021 - 08:23 PM (IST)
ਕਾਬੁਲ- ਦਿਗਜ ਆਸਟਰੇਲੀਆਈ ਗੇਂਦਬਾਜ਼ ਸ਼ਾਨ ਟੇਟ ਨੂੰ ਤੁਰੰਤ ਪ੍ਰਭਾਵ ਨਾਲ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕੀਤੀ ਹੈ। ਸਮਝਿਆ ਜਾਂਦਾ ਹੈ ਕਿ ਆਗਾਮੀ ਰੁਝੇਵਿਆਂ ਅੰਤਰਰਾਸ਼ਟਰੀ ਸ਼ਡਿਊਲ ਦੇ ਮੱਦੇਨਜ਼ਰ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਹ ਨਿਯੁਕਤੀ ਕੀਤੀ ਹੈ। ਦਰਅਸਲ ਅਫਗਾਨਿਸਤਾਨ ਨੂੰ ਅਗਲੇ ਮਹੀਨੇ ਸ਼੍ਰੀਲੰਕਾ ਵਿਚ ਪਾਕਿਸਤਾਨ ਦੇ ਵਿਰੁੱਧ ਤਿੰਨ ਵਨ ਡੇ ਮੈਚ ਖੇਡਣੇ ਹਨ ਅਤੇ ਜੋ ਵਨ ਡੇ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਣਗੇ।
ਨਵੰਬਰ ਵਿਚ ਅਫਗਾਨਿਸਤਾਨ ਨੂੰ ਹੋਬਾਰਟ ਵਿਚ ਆਸਟਰੇਲੀਆ ਦੇ ਵਿਰੁੱਧ ਇਕ ਟੈਸਟ ਖੇਡਣਾ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਟੀ-20 ਵਿਸ਼ਵ ਕੱਪ ਵਿਚ ਵੀ ਹਿੱਸਾ ਲਵੇਗਾ। ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਕੁਆਲੀਫਾਇੰਗ ਰਾਊਂਡ ਤੋਂ ਆਉਣ ਵਾਲੀਆਂ ਦੋ ਟੀਮਾਂ ਦੇ ਨਾਲ ਗਰੁੱਪ ਦੋ ਵਿਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਟੇਟ ਨੇ 2005 ਤੇ 2016 ਦੇ ਵਿਚ ਆਸਟਰੇਲੀਆ ਦੇ ਲਈ ਤਿੰਨ ਟੈਸਟ, 35 ਵਨ ਡੇ ਅਤੇ 21 ਟੀ-20 ਮੈਚ ਖੇਡੇ ਹਨ।
ਉਨ੍ਹਾਂ ਨੇ 2017 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਟੇਟ ਨੇ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਵਿਚ ਮੇਲਬੋਰਨ ਰੇਨੇਗੇਡਸ ਦੇ ਨਾਲ ਅਤੇ ਆਬੂ ਧਾਬੀ ਟੀ-10 ਲੀਗ ਵਿਚ ਬੰਗਲਾ ਟਾਈਗਰਸ ਦੇ ਨਾਲ ਗੇਂਦਬਾਜ਼ੀ ਕੋਚ ਦੇ ਰੂਪ ਵਿਚ ਕੰਮ ਕੀਤਾ ਹੈ। ਟੇਟ ਇਸ ਸਾਲ ਰਾਇਲ ਲੰਡਨ ਵਨ ਡੇ ਕੱਪ ਦੇ ਲਈ ਡਰਹਮ ਕੋਚਿੰਗ ਸੇਟ-ਅਪ ਦਾ ਵੀ ਹਿੱਸਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।