ਇੰਗਲੈਂਡ ਵਿਰੁੱਧ ਲੜੀ ਲਈ ਪਾਕਿਸਤਾਨ ਦਾ ਕਪਤਾਨ ਬਣਿਆ ਰਹਿ ਸਕਦੈ ਸ਼ਾਨ ਮਸੂਦ
Wednesday, Sep 25, 2024 - 12:53 PM (IST)

ਕਰਾਚੀ- ਪਾਕਿਸਤਾਨ ਅਗਲੇ ਮਹੀਨੇ ਇੰਗਲੈਂਡ ਵਿਰੁੱਧ ਹੋਣ ਵਾਲੀ ਟੈਸਟ ਲੜੀ ਲਈ ਸ਼ਾਨ ਮਸੂਦ ਨੂੰ ਕਪਤਾਨ ਅਹੁਦੇ ’ਤੇ ਬਰਕਰਾਰ ਰੱਖ ਸਕਦਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਦੌਰੇ ਲਈ ਬਾਬਰ ਆਜ਼ਮ ਦਾ ਸੀਮਤ ਓਵਰਾਂ ਦੀ ਟੀਮ ਦਾ ਕਪਤਾਨ ਬਣਿਆ ਰਹਿਣਾ ਤੈਅ ਹੈ।
ਇੰਗਲੈਂਡ ਦੀ ਟੀਮ ਤਿੰਨ ਟੈਸਟ ਮੈਚਾਂ ਦੀ ਲੜੀ ਖੇਡਣ ਲਈ 3 ਅਕਤੂਬਰ ਨੂੰ ਪਾਕਿਸਤਾਨ ਪਹੁੰਚੇਗੀ। ਪਹਿਲਾ ਟੈਸਟ ਮੈਚ 7 ਅਕਤੂਬਰ ਤੋਂ ਮੁਲਤਾਨ ਵਿਚ ਖੇਡਿਆ ਜਾਵੇਗਾ। ਮਸੂਦ ਨੇ ਅਜੇ ਤੱਕ 5 ਟੈਸਟ ਮੈਚਾਂ ਵਿਚ ਪਾਕਿਸਤਾਨ ਦੀ ਅਗਵਾਈ ਕੀਤੀ ਹੈ। ਟੀਮ ਨੂੰ ਇਨ੍ਹਾਂ ਸਾਰੇ ਟੈਸਟ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਇਸ ਤੋਂ ਪਹਿਲਾਂ 2022-23 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਤਦ ਉਸ ਨੇ ਬਾਬਰ ਆਜ਼ਾਮ ਦੀ ਅਗਵਾਈ ਵਾਲੀ ਟੀਮ ਦਾ 3-0 ਨਾਲ ਸੂਪੜਾ ਸਾਫ ਕੀਤਾ ਸੀ।