ਪਾਕਿਸਤਾਨ ਟੀਮ ਦੀ ਸ਼ਰਮਨਾਕ ਹਾਰ ’ਤੇ ਸੰਸਦ ਮੈਂਬਰਾਂ ਨੇ pcb ਮੁਖੀ ਨਕਵੀ ਤੋਂ ਮੰਗਿਆ ਅਸਤੀਫਾ
Saturday, Sep 07, 2024 - 11:18 AM (IST)

ਇਸਲਾਮਾਬਾਦ–ਰਾਵਲਪਿੰਡੀ ਵਿਚ ਖੇਡੇ ਗਏ ਦੋ ਟੈਸਟ ਮੈਚਾਂ ਦੀ ਲੜੀ ਵਿਚ ਬੰਗਲਾਦੇਸ਼ ਹੱਥੋਂ ਪਾਕਿਸਤਾਨ ਨੂੰ ਮਿਲੀ ਸ਼ਰਮਨਾਕ ਹਾਰ ’ਤੇ ਉੱਥੋਂ ਦੀ ਸੰਸਦ ਦੇ ਦੋਵੇਂ ਸਦਨਾਂ ਵਿਚ ਮੈਂਬਰਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਆਲੋਚਨਾ ਕਰਦੇ ਹੋਏ ਉਸਦੇ ਅਸਤੀਫੇ ਦੀ ਮੰਗ ਕੀਤੀ।
ਸਮਾਚਾਰ ਪੱਤਰ ਡਾਨ ਦੇ ਅਨੁਸਾਰ ਸੰਸਦ ਦੇ ਦੋਵੇਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਇਸ ਸ਼ਰਮਨਾਕ ਹਾਰ ਤੋਂ ਬਾਅਦ ਮੋਹਸਿਨ ਨਕਵੀ ਨੂੰ ਕ੍ਰਿਕਟ ਬੋਰਡ ਦਾ ਮੁਖੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਦੌਰਾਨ ਸੰਸਦ ਮੈਂਬਰਾਂ ਨੇ ‘ਸ਼ਰਮ ਕਰੋ, ਸ਼ਰਮ ਕਰੋ’ ਦੇ ਨਾਅਰੇ ਲਗਾਏ ਤੇ ਪ੍ਰਧਾਨ ਮੰਤਰੀ ਤੋਂ ਇਕ ਸਮਰੱਥ ਵਿਅਕਤੀ ਨੂੰ ਪੀ.ਸੀ. ਬੀ. ਮੁਖੀ ਨਿਯੁਕਤ ਕਰਨ ਦੀ ਮੰਗ ਕੀਤੀ।