ਪਹਿਲੀ ਹੀ ਸੀਰੀਜ਼ ''ਚੋਂ ਛਾ ਗਿਆ ''ਸ਼ਾਹ''
Tuesday, Oct 16, 2018 - 12:34 AM (IST)

ਜਲੰਧਰ- ਵੈਸਟਇੰਡੀਜ਼ ਵਿਰੁੱਧ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ ਸਭ ਤੋਂ ਵੱਧ 237 ਦੌੜਾਂ ਬਣਾ ਕੇ ਸੁਰਖੀਆਂ 'ਚ ਆਇਆ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਵੀ ਛਾਅ ਗਿਆ ਹੈ। ਪ੍ਰਿਥਵੀ ਨੇ ਜ਼ੋਰਦਾਰ ਐਂਟਰੀ ਕਰਦਿਆਂ 60ਵਾਂ ਸਥਾਨ ਹਾਸਲ ਕੀਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੰਬਰ ਵਨ 'ਤੇ ਬਰਕਰਾਰ ਹੈ।
ਪ੍ਰਿਥਵੀ ਨੇ ਸੀਰੀਜ਼ ਦੌਰਾਨ ਕਈ ਰਿਕਾਰਡ ਵੀ ਬਣਾਏ। ਪ੍ਰਿਥਵੀ ਚੌਕਾ ਲਾ ਕੇ ਟੀਮ ਨੂੰ ਜਿਤਾਉਣ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਵੀ ਬਣ ਗਿਆ ਹੈ। ਪ੍ਰਿਥਵੀ ਨੇ 18 ਸਾਲ 339 ਦਿਨਾਂ ਵਿਚ ਇਹ ਕਾਰਨਾਮਾ ਕੀਤਾ ਹੈ, ਜਦਕਿ ਉਸ ਤੋਂ ਪਹਿਲਾਂ ਦੱਖਣੀ ਅਫਰੀਕਾ ਦਾ ਪੈਟ ਕਮਿੰਸ 18 ਸਾਲ 198 ਦਿਨ ਦੀ ਉਮਰ ਵਿਚ 2011 ਵਿਚ ਜੌਹਾਨਸਬਰਗ ਵਿਚ ਇਹ ਕਾਰਨਾਮਾ ਕਰ ਚੁੱਕਾ ਸੀ। ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਵਿਰੁੱਧ ਪਿਛਲੀਆਂ ਦੋ ਲੜੀਆਂ ਵਿਚੋਂ ਭਾਰਤ ਨੂੰ ਆਰ. ਅਸ਼ਵਿਨ ਤੇ ਰੋਹਿਤ ਸ਼ਰਮਾ ਵਰਗੇ ਸਿਤਾਰੇ ਮਿਲੇ ਸਨ, ਜਦਕਿ ਇਸ ਵਾਰ ਦੀ ਖੋਜ ਪ੍ਰਿਥਵੀ ਸ਼ਾਹ ਹੈ।
34 ਸਭ ਤੋਂ ਵੱਧ ਚੌਕੇ ਲਾਏ ਪ੍ਰਿਥਵੀ ਨੇ ਸੀਰੀਜ਼ ਦੌਰਾਨ
118.5 ਦੀ ਔਸਤ ਰਹੀ 2 ਟੈਸਟ ਮੈਚਾਂ ਵਿਚ ਪ੍ਰਿਥਵੀ ਦੇ ਨਾਂ। ਉਸ ਨੇ 94 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
ਵਿੰਡੀਜ਼ ਵਿਰੁੱਧ ਜਿੱਤੇ 21 ਟੈਸਟ
ਭਾਰਤ ਨੇ ਵੈਸਟਇੰਡੀਜ਼ ਨੂੰ 2-0 ਨਾਲ ਹਰਾ ਕੇ ਪਿਛਲੇ 17 ਸਾਲਾਂ ਵਿਚ ਇਕ ਵੀ ਟੈਸਟ ਨਾ ਗੁਆਉਣ ਦੀ ਲੈਅ ਬਰਕਰਾਰ ਰੱਖੀ। ਟੀਮ ਇੰਡੀਆ ਨੇ 2002 ਤੋਂ ਹੁਣ ਤਕ ਵੈਸਟਇੰਡੀਜ਼ ਵਿਰੁੱਧ ਕੋਈ ਟੈਸਟ ਸੀਰੀਜ਼ ਨਹੀਂ ਹਾਰੀ ਹੈ। ਵੈਸੇ ਲਗਾਤਾਰ ਟੈਸਟ ਸੀਰੀਜ਼ ਜਿੱਤਣ ਦਾ ਰਿਕਾਰਡ ਅਜੇ ਵੀ ਇੰਗਲੈਂਡ ਦੇ ਨਾਂ 'ਤੇ ਹੈ। ਇੰਗਲੈਂਡ ਨੇ 1930 ਤੋਂ 1975 ਵਿਚਾਲੇ ਨਿਊਜ਼ੀਲੈਂਡ ਨੂੰ ਲਗਾਤਾਰ 47 ਵਾਰ ਹਰਾਇਆ ਸੀ।
ਘਰ 'ਚ 10ਵੀਂ ਸੀਰੀਜ਼ ਜਿੱਤੀ ਭਾਰਤ ਨੇ
ਟੀਮ ਇੰਡੀਆ 2012 ਤੋਂ ਬਾਅਦ ਹੀ ਘਰ ਵਿਚ ਅਜੇਤੂ ਚੱਲ ਰਹੀ ਹੈ। ਇਨ੍ਹਾਂ ਸਾਲਾਂ ਦੌਰਾਨ 10 ਟੀਮਾਂ ਨੇ ਭਾਰਤ ਦਾ ਦੌਰਾ ਕੀਤਾ ਪਰ ਕੋਈ ਵੀ ਟੀਮ ਉਸ ਨੂੰ ਹਰਾ ਨਹੀਂ ਸਕੀ। ਭਾਰਤ ਨੇ ਅਜਿਹਾ ਕਰ ਕੇ ਆਸਟਰੇਲੀਆ ਦੀ ਬਰਾਬਰੀ ਕਰ ਲਈ ਹੈ। ਆਸਟਰੇਲੀਆ ਨੇ 3 ਵਾਰ ਘਰ ਵਿਚ ਲਗਾਤਾਰ 10 ਸੀਰੀਜ਼ ਜਿੱਤੀਆਂ, ਜਿਹੜਾ ਕਿ ਅਜੇ ਵੀ ਵਿਸ਼ਵ ਰਿਕਾਰਡ ਹੈ।